ਚੰਡੀਗੜ੍ਹ (ਟਨਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਤੋਂ ਬਚਣ ਲਈ ਸਖ਼ਤ ਕਦਮ ਚੁੱਕਣੇ ਜ਼ਰੂਰੀ ਹੋ ਗਏ ਹਨ। ਮੁੱਖ ਮੰਤਰੀ ਨੇ ‘ਫੇਸਬੁੱਕ ਲਾਈਵ’ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏਗੀ ਅਤੇ ਲੋਕ ਆਪਣੀ ਜ਼ਿੰਮੇਵਾਰੀ ਸਮਝਣ। ਉਨ੍ਹਾਂ ਕਿਹਾ ਕਿ ਕਈ ਜ਼ਿਲ੍ਹਿਆਂ ਵਿਚ ਰਾਤਰੀ ਕਰਫਿਊ ਲੋਕਾਂ ਨੂੰ ਤੰਗ ਕਰਨ ਵਾਸਤੇ ਨਹੀਂ ਬਲਕਿ ਕੋਵਿਡ ਤੋਂ ਬਚਾਅ ਲਈ ਲਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੂਸਰੀ ਲਹਿਰ ਮਗਰੋਂ ਪੰਜਾਬ ਵਿਚ ਹਾਲਾਤ ਵਿਗੜਨ ਲੱਗੇ ਹਨ ਅਤੇ ਮੌਤ ਦਰ ਤੋਂ ਇਲਾਵਾ ਪਾਜ਼ੇਟਿਵ ਕੇਸਾਂ ਦੀ ਦਰ ਵਿਚ ਵੀ ਵਾਧਾ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਲਹਿਰ ਕਿੰਨਾ ਸਮਾਂ ਚੱਲੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਸ ਤੋਂ ਬਚਾਅ ਕਰਨਾ ਪਵੇਗਾ। ਉਨ੍ਹਾਂ ਲੋਕਾਂ ਨੂੰ ਕੋਵਿਡ ਵੈਕਸੀਨ ਲਵਾਉਣ ਲਈ ਵੀ ਕਿਹਾ। ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਲੋਕ ਖਾਸ ਕਰ ਕੇ ਸ਼ਨਿਚਰਵਾਰ ਵਾਲੇ ਦਿਨ ਮੇਲ-ਜੋਲ ਵਧਾ ਦਿੰਦੇ ਹਨ ਜਿਸ ਤੋਂ ਗੁਰੇਜ਼ ਕੀਤਾ ਜਾਵੇ। ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ।