ਡਾ. ਹਿਮਾਂਸੂ ਸੂਦ
ਮੰਡੀ ਗੋਬਿੰਦਗੜ੍ਹ, 25 ਜੁਲਾਈ
ਸਬ-ਤਹਿਸੀਲ ਮੰਡੀ ਗੋਬਿੰਦਗੜ੍ਹ ਦੇ ਲਾਇਸੈਂਸ ਹੋਲਡਰਾਂ ਨੇ ਪੰਜਾਬ ਦੇ ਮੁੱਖ ਮੰਤਰੀ, ਅਮਲੋਹ ਹਲਕੇ ਦੇ ਵਿਧਾਇਕ ਰਣਦੀਪ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬ-ਤਹਿਸੀਲ ਦੀ ਇਮਾਰਤ ਦੀ ਥਾਂ ਨਾ ਬਦਲੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਹ ਇਮਾਰਤ ਹਾਈਵੇਅ ਨੰਬਰ 1, ਬੱਸ ਅੱਡਾ ਅਤੇ ਪੁਲੀਸ ਸਟੇਸ਼ਨ ਦੇ ਬਿਲਕੁਲ ਨੇੜੇ ਅਤੇ ਸ਼ਹਿਰ ਵਿਚਕਾਰ ਪੈਂਦੀ ਹੈ। ਸ਼ਹਿਰ ਦੇ ਵਿਚਕਾਰ ਅਤੇ ਬੱਸ ਅੱਡੇ ਦੇ ਨੇੜੇ ਹੋਣ ਕਾਰਨ ਸ਼ਹਿਰੀ ਅਤੇ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਵਿਚ ਆਸਾਨੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ਇਸਨੂੰ ਸਿਫ਼ਟ ਕੀਤਾ ਜਾ ਰਿਹਾ ਹੈ ਉਹ ਸ਼ਹਿਰ ਤੋਂ 3 ਕਿਲੋਮੀਟਰ ਦੀ ਦੂਰੀ ’ਤੇ ਹੈ, ਜਿਥੇ ਕਿ ਕੋਈ ਖਾਸ ਆਬਾਦੀ ਨਾ ਹੋਣ ਕਾਰਣ ਸੁਰੱਖਿਆ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਫ਼ਰਦ ਕੇਂਦਰ ਲਈ ਵੀ ਅਲੱਗ ਤੋਂ ਇਮਾਰਤ ਬਣੀ ਹੋਈ ਹੈ ਪਰ ਕੁਝ ਬਾਰਸੂਖ ਲੋਕਾਂ ਨੇ ਆਪਣੀ ਜ਼ਮੀਨ ਦੀ ਕੀਮਤ ਵਧਾਉਣ ਲਈ ਇਸ ਦਫ਼ਤਰ ਨੂੰ ਸ਼ਹਿਰ ਤੋਂ ਦੂਰ ਨਵੀਂ ਇਮਾਰਤ ਵਿਚ ਲਿਜਾਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਨਵੀਂ ਇਮਾਰਤ ਵਿਚ ਲਾਇਸੈਂਸ ਹੋਲਡਰਾਂ ਦੇ ਬੈਠਣ ਲਈ ਕੋਈ ਵੀ ਇੰਤਜਾਮ ਨਹੀਂ ਕੀਤਾ ਗਿਆ। ਲਾਇਸੈਂਸ ਹੋਲਡਰਾਂ ਨੂੰ ਇੱਥੇ ਆਪਣੇ ਖੋਖੇ ਹੀ ਰੱਖਣੇ ਪੈਣੇ ਹਨ। ਉਨ੍ਹਾਂ ਕੰਮ ਦਾ ਬਾਈਕਾਟ ਕਰ ਕੇ ਹੜਤਾਲ ਵੀ ਕੀਤੀ।
ਕੀ ਕਹਿੰਦੇ ਨੇ ਵਿਧਾਇਕ ਰਣਦੀਪ ਸਿੰਘ
ਵਿਧਾਇਕ ਰਣਦੀਪ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਡਿਪਟੀ ਕਮਿਸ਼ਨਰ ਨੂੰ ਨਵੀਂ ਇਮਾਰਤ ਚਾਲੂ ਕਰਨ ਬਾਰੇ ਪੱਤਰ ਭੇਜੇ ਹਨ। ਜੇਕਰ ਕੋਈ ਮੁਸ਼ਕਲ ਹੋਈ ਤਾਂ ਉਹ ਮੌਕਾ ਦੇਖ ਕੇ ਹੱਲ ਕਰਵਾ ਦੇਣਗੇ।