ਜਗਮੋਹਨ ਸਿੰਘ
ਘਨੌਲੀ, 17 ਜੂਨ
ਅੱਜ ਇਥੇ ਅੰਬੂਜਾ ਸੀਮਿੰਟ ਵਰਕਰਜ਼ ਯੂਨੀਅਨ ਵੱਲੋਂ ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਦੇ ਮੁੱਖ ਗੇਟ ਅੱਗੇ ਰੈਲੀ ਕੀਤੀ ਗਈ। ਰੈਲੀ ਨੂੰ ਯੂਨੀਅਨ ਦੇ ਪ੍ਰਧਾਨ ਬ੍ਰਿਜਮੋਹਨ ਸਿੰਘ ਅਤੇ ਜਨਰਲ ਸਕੱਤਰ ਪਾਚੂ ਰਾਮ ਤੋਂ ਇਲਾਵਾ ਏਟਕ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਤਿਵਾੜੀ, ਜਨਰਲ ਸਕੱਤਰ ਕੁਲਦੀਪ ਸਿੰਘ, ਪੀ.ਐਸ.ਈ.ਬੀ.ਐਂਪਲਾਇਜ਼ ਫੈਡਰੇਸ਼ਨ ਥਰਮਲ ਯੁਨਿਟ ਰੂਪਨਗਰ ਦੇ ਸਕੱਤਰ ਧਰਿੰਦਰ ਪਾਂਡੇ, ਸਕੱਤਰ ਬੀਰਪਾਲ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੰਬੂਜਾ ਵਰਕਰਾਂ ਦੇ ਸਿਰ ਛਾਂਟੀ ਦੀ ਤਲਵਾਰ ਲਟਕ ਰਹੀ ਹੈ ਅਤੇ ਕੰਪਨੀ ਵੱਲੋਂ ਲਾਕਡਾਊਨ ਦੇ ਸਮੇਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਤੇ ਮਜ਼ਦੂਰਾਂ ਦੇ ਟਰਮ ਅਤੇ ਕੰਡੀਸ਼ਨਾਂ ਵਿੱਚ ਬਦਲਾਅ ਕਰਨ ਦੀ ਤਿਆਰੀ ਵਿੱਚ ਹੈ। ਅੱਜ ਫੈਕਟਰੀ ਦੇ ਮੇਨ ਗੇਟ ਅੱਗੇ ਭੁੱਖ ਹੜਤਾਲ ਕਰਨ ਤੋਂ ਇਲਾਵਾ ਇੱਕ ਦਿਨ ਦੀ ਪੂਰਨ ਹੜਤਾਲ ਤੇ ਮੈਨੇਜਮੈਂਟ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਫੈਕਟਰੀ ਮੈਨੇਜਮੈਂਟ ਵੱਲੋਂ ਇੱਕ ਦਿਨ ਪਹਿਲਾਂ ਹੀ ਜਥੇਬੰਦੀ ਨਾਲ ਮੀਟਿੰਗ ਕਰਕੇ ਮਜ਼ਦੂਰਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਪੰਦਰਾਂ ਦਿਨਾਂ ਦਾ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 15 ਦਿਨਾਂ ਦੇ ਅੰਦਰ ਫੈਕਟਰੀ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਬੂਜਾ ਕੰਪਨੀ ਦੀਆਂ ਪੂਰੇ ਦੇਸ਼ ਵਿੱਚ ਸਥਿਤ 15 ਫੈਕਟਰੀਆਂ ਵਿੱਚ ਤਿੰਨ ਜੁਲਾਈ ਨੂੰ ਇਕ ਦਿਨ ਦੀ ਪੂਰਨ ਹੜਤਾਲ ਕਰਨ ਤੋਂ ਇਲਾਵਾ ਧਰਨੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਰੈਲੀ ਨੂੰ ਅਮਨਦੀਪ ਸਿੰਘ ਲਾਲੀ, ਭਜਨ ਸਿੰਘ, ਅਮਰਜੀਤ ਸਿੰਘ, ਰਣਧੀਰ ਸਿੰਘ ਆਦਿ ਬੁਲਾਰਿਆਂ ਨੇ ਵੀ ਸੰਬੋਧਿਤ ਕੀਤਾ।