ਬੇਅੰਤ ਸਿੰਘ ਸੰਧੂ
ਪੱਟੀ, 24 ਅਪਰੈਲ
ਪੱਟੀ ਹਲਕੇ ਦੀਆਂ ਅਨਾਜ ਮੰਡੀਆਂ ਕੋਟਬੁੱਢਾ ਤੂਤ ਤੇ ਦੁੱਬਲੀ ਅੰਦਰ ਮਾੜੇ ਖਰੀਦ ਪ੍ਰਬੰਧਾਂ ਖ਼ਿਲਾਫ਼ ਇਲਾਕੇ ਦੇ ਪਿੰਡ ਕੋਟਬੁੱਢਾ ਦੇ ਪੁੱਲ ਉਪਰ ਆੜ੍ਹਤੀ ਆਗੂ ਕਾਮਰੇਡ ਮਹਾਬੀਰ ਸਿੰਘ ਗਿੱਲ ਤੇ ਅਗਵਾਈ ਹੇਠ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਸਾਝੇਂ ਤੌਰ ’ਤੇ ਧਰਨਾ ਦਿੰਦਿਆਂ ਸੜਕੀ ਮਾਰਗ ’ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਕਾਮਰੇਡ ਮਹਾਬੀਰ ਸਿੰਘ ਗਿੱਲ, ਉਗਰਾਹਾ ਧੜੇ ਦੇ ਆਗੂ ਸੁਖਵੰਤ ਸਿੰਘ ਵਲਟੋਹਾ, ਆਪ ਆਗੂ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਣਕ ਖਰੀਦ ਪ੍ਰਬੰਧਾਂ ਬਾਰੇ ਪੰਜਾਬ ਦੀ ਜਨਤਾ ਨੂੰ ਹਨੇਰੇ ਵਿੱਚ ਰੱਖਿਆ ਹੈ ਤੇ ਖਰੀਦ ਪ੍ਰਬੰਧਾਂ ਦੇ ਪ੍ਰਚਾਰੇ ਗਏ ਵਾਅਦੇ ਜ਼ਮੀਨੀ ਪੱਧਰ ’ਤੇ ਨਜ਼ਰ ਨਹੀਂ ਆਉਂਦੇ। ਮੰਡੀਆਂ ਅੰਦਰ ਬਾਰਦਾਨੇ ਦੀ ਵੱਡੀ ਘਾਟ ਹੈ ਅਤੇ ਅੱਜ ਤੱਕ ਸਿਰਫ ਕਣਕ ਦੀ ਆਮਦ ਮੁਤਾਬਕ ਅੱਧ ਤੋਂ ਵੀ ਘੱਟ ਬਾਰਦਾਨਾਂ ਮੰਡੀਆਂ ਅੰਦਰ ਪਹੁੰਚਿਆ ਹੈ। ਸਰਕਾਰ ਨੇ ਪ੍ਰਾਈਵੇਟ ਬਾਰਦਾਨਾ ਖਰੀਦਣ ਲਈ 39.90 ਰੁਪਏ ਨਿਰਧਾਰਤ ਕੀਤੇ ਹਨ ਜਦੋਂ ਕਿ ਬਜ਼ਾਰ ਵਿੱਚੋਂ ਇੱਕ ਵਾਰ ਵਰਤੋਂ ਵਿੱਚ ਆਏ ਹੋਏ ਬਾਰਦਾਨਾ ਦੀ ਕੀਮਤ 50 ਤੋਂ 55 ਰੁਪਏ ਪ੍ਰਤੀ ਤੋੜਾ ਹੈ।