ਕੁਲਦੀਪ ਸਿੰਘ
ਚੰਡੀਗੜ੍ਹ, 28 ਮਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਖਿਲਾਫ਼ ਅਤੇ ਇਸ ਉਤੇ ਪੰਜਾਬ ਦਾ ਪੂਰਨ ਹੱਕ ਬਹਾਲ ਕਰਵਾਉਣ ਲਈ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤਹਿਤ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਇਸ ਵਿਰਾਸਤੀ ਯੂਨੀਵਰਸਿਟੀ ’ਤੇ ਆਪਣਾ ਹੱਕ ਬਹਾਲ ਕਰਵਾਉਣ ਲਈ ਹਲੂਣਿਆ ਜਾਵੇਗਾ।ਜਥੇਬੰਦੀਆਂ ਨੇ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ ਤੁਰੰਤ ਬੰਦ ਕੀਤਾ ਜਾਵੇ ਅਤੇ ਇਹ ਪੰਜਾਬ ਨੂੰ ਹੀ ਸੌਂਪੀ ਜਾਵੇ। ਨਵੀਂ ਸਿੱਖਿਆ ਨੀਤੀ ਰਾਹੀਂ ਸਿੱਖਿਆ ਦੇ ਨਿੱਜੀਕਰਨ, ਭਗਵੇਂਕਰਨ ਅਤੇ ਕੇਂਦਰੀਕਰਨ ਦੀ ਨੀਤੀ ਰੱਦ ਕੀਤੀ ਜਾਵੇ। ਵਿਦਿਆਰਥੀ ਆਗੂ ਅਮਨਦੀਪ ਸਿੰਘ ਨੇ ਦੱਸਿਆ ਕਿ ਪੀਐੱਸਯੂ (ਲਲਕਾਰ), ਪੀਐੱਸਯੂ (ਸ਼ਹੀਦ ਰੰਧਾਵਾ), ਪੀਐੱਸਯੂ, ਪੀਆਰਐੱਸਯੂ, ਐੱਸਐੱਫਐੱਸ, ਡੀਐੱਸਓ, ਪੀਐੱਸਐੱਫ, ਏਆਈਐੱਸਐੱਫ ਅਤੇ ਐੱਸਐੱਫਆਈ ਵੱਲੋਂ 8 ਜੂਨ ਨੂੰ ਮੁਹਾਲੀ ਦੇ ਫੇਜ਼-8 ਦੇ ਗੁਰਦੁਆਰਾ ਅੰਬ ਸਾਹਿਬ ਨੇੜੇ ਇਕੱਠ ਕੀਤਾ ਜਾਵੇਗਾ ਜਿਸ ਉਪਰੰਤ ਚੰਡੀਗੜ੍ਹ ਵੱਲ ਪੈਦਲ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਦੇ ਏਜੰਡੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਯੂਨੀਵਰਸਿਟੀ ਕੇਂਦਰ ਸਰਕਾਰ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਿੱਧੇ ਕੰਟਰੋਲ ਹੇਠ ਆ ਜਾਵੇਗੀ। ਇਸ ਤੋਂ ਬਾਅਦ ਪੰਜਾਬੀ ਬੋਲੀ ਤੇ ਸੱਭਿਆਚਾਰ ਲਈ ਕੰਮ ਕਰਨ ਵਾਲੀ ਇਹ ਯੂਨੀਵਰਸਿਟੀ ਕੇਂਦਰ ਸਰਕਾਰ ਮੁਤਾਬਕ ਚੱਲੇਗੀ ਜੋ ‘ਹਿੰਦੂ, ਹਿੰਦੀ ਤੇ ਹਿੰਦੁਸਤਾਨ’ ਦੀ ਮੁਦੱਈ ਹੈ ਅਤੇ ਕੌਮੀ ਤੇ ਖੇਤਰੀ ਭਾਸ਼ਾਵਾਂ ਨੂੰ ਦਰੜਨ ਦੀ ਨੀਤੀ ਉੱਪਰ ਚਲਦੀ ਹੈ। ਇਸ ਫੈਸਲੇ ਨਾਲ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਪੰਜਾਬ ਦੇ ਕਰੀਬ 200 ਕਾਲਜ ਬੇਸਹਾਰਾ ਹੋ ਜਾਣਗੇ।