ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 3 ਨਵੰਬਰ
ਮੁੱਖ ਅੰਸ਼
- ਭੜਕੇ ਮਜ਼ਦੂਰਾਂ ਨੇ ਸਕਿਓਰਿਟੀ ਟੀਮ ਦੀ ਕੁੱਟਮਾਰ ਕੀਤੀ
- ਪੁਲੀਸ ਦੀਆਂ ਚਾਰ ਗੱਡੀਆਂ ਨੂੰ ਅੱਗ ਲਾਈ
ਇਥੇ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਅੰਦਰ ਉੱਚੀ ਥਾਂ ਤੋਂ ਡਿੱਗੇ ਢਾਂਚੇ ਹੇਠ ਆਉਣ ਕਰਕੇ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬਠਿੰਡਾ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਆਪਣੇ ਸਾਥੀ ਦੀ ਮੌਤ ਤੋਂ ਭੜਕੇ ਮਜ਼ਦੂਰਾਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚੀ ਰਿਫਾਈਨਰੀ ਦੀ ਸਕਿਉਰਿਟੀ ਟੀਮ ਦੀ ਕੁੱਟਮਾਰ ਕੀਤੀ ਤੇ ਪੁਲੀਸ ਦੇ ਚਾਰ ਵਾਹਨਾਂ ਸਮੇਤ ਕੁੱਲ ਛੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਹੋਈ ਧੱਕਾਮੁੱਕੀ ਵਿੱਚ ਕੁੁਝ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਉਧਰ ਪੁਲੀਸ ਨੇ ਹਾਲਾਤ ਕਾਬੂ ਹੇਠ ਲੈਂਦਿਆਂ ਰਿਫਾਈਨਰੀ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ। ਡੀਐੱਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਨੇ ਕਿਹਾ ਕਿ ਫ਼ਿਲਹਾਲ ਕਿਸੇ ਖਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ ਤੇ ਮਜ਼ਦੂਰਾਂ ਨੂੰ ਸ਼ਾਂਤ ਕਰਨ ਦੇ ਯਤਨ ਜਾਰੀ ਹਨ। ਰਿਫਾਈਨਰੀ ਪ੍ਰਬੰਧਕਾਂ ਨੇ ਮ੍ਰਿਤਕ ਤੇ ਜ਼ਖ਼ਮੀ ਮਜ਼ਦੂਰ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਇਹ ਮਜ਼ਦੂਰ ਰਿਫਾਇਨਰੀ ਅੰਦਰ ਕੰਮ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਉੱਤੇ ਢਾਂਚਾ ਆਣ ਡਿੱਗਿਆ। ਮੌਕੇ ’ਤੇ ਮਾਰੇ ਗਏ ਮਜ਼ਦੂਰ ਦੀ ਪਛਾਣ ਅਭਿਸ਼ੇਕ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਮਸੀਤਾਂ ਜ਼ਿਲ੍ਹਾ ਸਿਰਸਾ ਵਜੋਂ ਦੱਸੀ ਗਈ ਹੈ ਜਦੋਂਕਿ ਜਸਕਰਨ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਮਸੀਤਾਂ ਗੰਭੀਰ ਜ਼ਖ਼ਮੀ ਹੋ ਗਿਆ। ਸਾਥੀਆਂ ਦੀ ਮੌਤ ਤੋਂ ਭੜਕੇ ਮਜ਼ਦੂਰਾਂ ਨੇ ਸਭ ਤੋਂ ਪਹਿਲਾਂ ਉਥੇ ਪੁੱਜੇ ਸਕਿਉਰਿਟੀ ਟੀਮ ਦੇ ਦੋ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਤੋਂ ਬਾਅਦ ਉਥੇ ਪਹੁੰਚੀ ਥਾਣਾ ਰਾਮਾਂ ਦੀ ਪੁਲੀਸ ਨਾਲ ਵੀ ਮਜ਼ਦੂਰਾਂ ਨੇ ਧੱਕਾ-ਮੁੱਕੀ ਕਰਕੇ ਇਨ੍ਹਾਂ ਦੀਆਂ ਤਿੰਨ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸੇ ਦੌਰਾਨ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਲਵੰਡੀ ਸਾਬੋ ਦੀ ਪੁਲੀਸ ਟੀਮ ਦੀ ਇੱਕ ਗੱਡੀ ਨੂੰ ਵੀ ਮਜ਼ਦੂਰਾਂ ਨੇ ਅੱਗ ਲਾ ਦਿੱਤੀ। ਇਸ ਕਾਰਨ ਰਿਫਾਈਨਰੀ ਅੰਦਰ ਇੱਕ ਵਾਰ ਸਥਿਤੀ ਕਾਫੀ ਗੰਭੀਰ ਹੋ ਗਈ। ਰਿਫਾਈਨਰੀ ਪ੍ਰਬੰਧਕਾਂ ਨੇ ਮੌਕਾ ਸੰਭਾਲਦਿਆਂ ਜਲਦੀ ਸਾਰਾ ਕੰਮ ਬੰਦ ਕਰਵਾ ਕੇ ਮਜ਼ਦੂਰਾਂ ਨੂੰ ਰਿਫਾਈਨਰੀ ਅੰਦਰੋਂ ਬਾਹਰ ਕੱਢਣ ਨੂੰ ਤਰਜੀਹ ਦਿੱਤੀ। ਇਸ ਘਟਨਾ ਦੌਰਾਨ ਕੁਝ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਰਿਫਾਈਨਰੀ ਵਿਚ ਵਾਹਨਾਂ ਨੂੰ ਅੱਗ ਲਾਏ ਜਾਣ ਮਗਰੋਂ ਪੁਲੀਸ ਨੇ ਰਿਫਾਈਨਰੀ ਨੂੰ ਅੰਦਰੋਂ ਬਾਹਰੋਂ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਪੁਲੀਸ ਨੇ ਹਾਲਤ ਵਿਗੜਨ ਦੇ ਮੱਦੇਨਜ਼ਰ ਕਾਫੀ ਸਮਾਂ ਫਲੈਗ ਮਾਰਚ ਵੀ ਕੀਤਾ।