ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਗਸਤ
ਪੰਜਾਬ ਦੇ ਸੰਘਰਸ਼ੀ ਅਖਾੜਿਆਂ ’ਤੇ ਅੱਜ ਕਿਸਾਨਾਂ ਵਿਰੁੱਧ ਪਰਾਲੀ ਸਾੜਨ ਦੇ ਦੋਸ਼ਾਂ ਤਹਿਤ ਦਰਜ ਕੀਤੇ ਗਏ ਮਾਮਲਿਆਂ ਦਾ ਮੁੱਦਾ ਭਾਰੂ ਰਿਹਾ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਉੱਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਅੱਗੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਤੇ ਮੋਗਾ ਦੇ ਸਾਈਲੋ ਸਣੇ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਚੱਲ ਰਹੇ ਹਨ। ਇਨ੍ਹਾਂ ਧਰਨਿਆਂ ਦੌਰਾਨ ਅੱਜ ਬੁਲਾਰਿਆਂ ਨੇ ਭਾਜਪਾ ਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਲੜਾਈ ਭਖਾਉਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਕਿਸਾਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦਾ ਸ਼ੌਕ ਨਹੀਂ, ਸਗੋਂ ਮਜਬੂਰੀ ਹੈ।
ਸੱਤਾ ’ਚ ਭਾਗੀਵਾਲ ਬਣੇ ਬਿਨਾਂ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋਣੇ: ਚੜੂਨੀ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ‘ਮਿਸ਼ਨ ਪੰਜਾਬ’ ਤਹਿਤ ਪੰਜਾਬ ਦੇ ਬੈਨਰ ਹੇਠ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨੀ ਮਸਲਿਆਂ ਦਾ ਇੱਕੋ ਹੱਲ ਕਿਸਾਨਾਂ ਦੀ ਸੱਤਾ ’ਚ ਭਾਗੀਦਾਰੀ ਨੂੰ ਦੱਸਿਆ ਹੈ ਅਤੇ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਤੋਂ ਕਿਨਾਰਾ ਕਰ ਕੇ ਚੰਗੇ ਉਮੀਦਵਾਰ ਖੜ੍ਹੇ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਮੁੱਖ ਮੰਤਰੀ ਦੀ ਟਿਕਟ ਦੇ ਦਾਅਵੇਦਾਰ ਨਹੀਂ ਹਨ। ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਚੜੂਨੀ ਨੇ ਕਿਹਾ ਕਿ 11 ਜਥੇਬੰਦੀਆਂ ਚੋਣਾਂ ਵਾਸਤੇ ਤਿਆਰ ਹਨ ਤੇ ਬਾਕੀ ਵੀ ਜਲਦੀ ਹੀ ਤਿਆਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਰੈਲੀਆਂ ਨੇ ਕਿਸਾਨ ਸੰਘਰਸ਼ ਕਮਜ਼ੋਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ, ਕਿਸਾਨਾਂ ਦੇ ਨਾਲ ਹਨ ਤਾਂ ਚੋਣਾਂ ਦੇ ਬਾਈਕਾਟ ਦਾ ਐਲਾਨ ਕਰਨ।