ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੁਲਾਈ
ਪੰਜਾਬ ਵਿੱਚ ਮੌਨਸੂਨ ਦੀ ਭਰਵੀਂ ਬਾਰਿਸ਼ ਦੌਰਾਨ ਵੀ ਪੌਣੇ ਗਿਆਰਾਂ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਧਰਨੇ ਨਿਰਵਿਘਨ ਜਾਰੀ ਰਹੇ। ਵਰ੍ਹਦੇ ਮੀਂਹ ’ਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੇ ਕੂੜ ਪ੍ਰਚਾਰ ਵਿਰੁੱਧ ਲੜਾਈ ਤਿੱਖੀ ਕਰਨ ਦਾ ਸੱਦਾ ਦਿੱਤਾ।
ਕਿਸਾਨ ਬੁਲਾਰਿਆਂ ਨੇ ਖੇਤੀ ਸਬੰਧੀ ਭਖਦੇ ਮੁੱਦਿਆਂ ਖਾਸ ਕਰ ਖਾਦਾਂ ਦੀ ਕਮੀ ਦੇ ਮਾਮਲੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ’ਤੇ ਵੀ ਨਿਸ਼ਾਨਾ ਸੇਧਿਆ। ਕਿਸਾਨ ਬੁਲਾਰਿਆਂ ਨੇ ਖੇਤੀ ਮੰਤਰੀ ਤੋਮਰ ਦੇ ਇਸ ਬਿਆਨ ਦਾ ਗੰਭੀਰ ਨੋਟਿਸ ਲਿਆ ਕਿ ਕਿਸਾਨਾਂ ਕੋਲ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰਨ ਲਈ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਝੂਠ ਬੋਲਣਾ ਬੰਦ ਕਰਨ ਕਿਉਂਕਿ ਕਿਸਾਨ ਕਾਨੂੰਨਾਂ ਦੀ ਹਰੇਕ ਮਦ ਦੀਆਂ ਖਾਮੀਆਂ ਦੱਸ ਚੁੱਕੇ ਹਨ ਅਤੇ ਆਪਣੀ ਤਜਵੀਜ਼ ਕਈ ਵਾਰ ਦੁਹਰਾ ਚੁੱਕੇ ਹਨ ਕਿ ਤਿੰਨੋਂ ਕਾਨੂੰਨ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਸਰਕਾਰ ਦੇ ਗੈਰ-ਸੰਵਿਧਾਨਕ ਫ਼ੈਸਲਿਆਂ ਅਤੇ ਪੂੰਜੀਪਤੀ ਘਰਾਣਿਆਂ ਦੀ ਸੇਵਾ ਕਰਨ ਦੀ ਨੀਤੀ ’ਤੇ ਪਰਦਾ ਪਾਉਣ ਲਈ ਝੂਠ ਦਾ ਸਹਾਰਾ ਲੈ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਸਿਰਫ਼ ਭਾਜਪਾ ਅਤੇ ਇਸ ਪਾਰਟੀ ਦੇ ਜੋਟੀਦਾਰਾਂ ਨੂੰ ਛੱਡ ਕੇ ਸਾਰਾ ਮੁਲਕ ਸਮਝ ਚੁੱਕਿਆ ਹੈ ਕਿ ਖੇਤੀ ਕਾਨੂੰਨ ਕਿਸਾਨੀ ਲਈ ਹੀ ਤਬਾਹਕੁਨ ਸਾਬਤ ਨਹੀਂ ਹੋਣਗੇ, ਸਗੋਂ ਆਮ ਲੋਕਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਝੂਠ ਅਤੇ ਕੁਫਰ ਦਾ ਰਾਹ ਛੱਡ ਕੇ ਕਾਨੂੰਨ ਵਾਪਸੀ ਦੀ ਗੱਲ ’ਤੇ ਆਉਣਾ ਪਵੇਗਾ।
ਪੰਜਾਬ ਵਿੱਚ ਖਾਦਾਂ ਦੀ ਕਮੀ ਦੇ ਮਾਮਲੇ ’ਤੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਝੋਨੇ ਵਿੱਚ ਯੂਰੀਆ ਖਾਦ ਪਾਉਣ ਲਈ ਸਿਰਫ ਇੱਕ ਹਫ਼ਤੇ ਦਾ ਸਮਾਂ ਬਚਿਆ ਹੈ ਪਰ ਯੂਰੀਏ ਦੀ ਬਹੁਤ ਕਿੱਲਤ ਪਾਈ ਜਾ ਰਹੀ ਹੈ। ਮਾਰਕਫੈੱਡ ਤੇ ਖੇਤੀ ਵਿਭਾਗ ਨੇ ਟਾਲ-ਮਟੋਲ ਦੀ ਨੀਤੀ ਅਪਣਾ ਰੱਖੀ ਹੈ ਅਤੇ ਚੁਣਾਵੀ ਗਿਣਤੀਆਂ ਮਿਣਤੀਆਂ ਵਿੱਚ ਮਸਰੂਫ ਸਰਕਾਰ ਕੋਲ ਤਾਂ ਕਿਸਾਨ ਮੁੱਦਿਆਂ ਲਈ ਸਮਾਂ ਹੀ ਨਹੀਂ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨ ਵਿੱਚ ਇਹ ਮਸਲਾ ਹੱਲ ਨਾ ਕੀਤਾ ਤਾਂ ਮਾਰਕਫੈੱਡ ਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਬੁਲਾਰਿਆਂ ਨੇ ਰੁਲਦੂ ਸਿੰਘ ਮਾਨਸਾ ਦੇ ਦਿੱਲੀ ਮੋਰਚੇ ਵਾਲੇ ਟਿਕਾਣੇ ’ਤੇ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲਾ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਦਾ ਹਿੱਸਾ ਹੈ ਪਰ ਕਿਸਾਨ ਡਰਨ ਵਾਲੇ ਨਹੀਂ ਅਤੇ ਉਹ ਖੇਤੀ ਕਾਨੂੰਨ ਰੱਦ ਕਰਵਾਏ ਬਗ਼ੈਰ ਘਰ ਨਹੀਂ ਪਰਤਣਗੇ।
ਵਰ੍ਹਦੇ ਮੀਂਹ ’ਚ ਖ਼ੁਸ਼ਕ ਬੰਦਰਗਾਹ ਅੱਗੇ ਜਾਰੀ ਰਹੀ ‘ਕਿਸਾਨ ਸੰਸਦ’
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਚੱਲ ਰਹੇ ਲੜੀਵਾਰ ਧਰਨਾ ਸਥਾਨ ’ਤੇ ਵਰ੍ਹਦੇ ਮੀਂਹ ਦੌਰਾਨ ਵੀ ‘ਕਿਸਾਨ ਸੰਸਦ’ ਜਾਰੀ ਰਹੀ। ‘ਕਿਸਾਨ ਸੰਸਦ’ ਦੀ ਸ਼ੁਰੂਆਤ ਰਜਿੰਦਰ ਕੌਰ ਨੂੰ ਸਪੀਕਰ ਅਤੇ ਸੁਖਵਿੰਦਰ ਕੌਰ ਨੂੰ ਡਿਪਟੀ ਸਪੀਕਰ ਚੁਣੇ ਜਾਣ ਨਾਲ ਹੋਈ। ਭਾਰੀ ਮੀਂਹ ਦੌਰਾਨ ਪਾਣੀ ਵਿੱਚ ਬੈਠ ਕੇ ਬਹਿਸ ਵਿੱਚ ਹਿੱਸਾ ਲੈਂਦਿਆਂ ਹਰਨੇਕ ਸਿੰਘ ਗੁੱਜਰਵਾਲ, ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਅਮਰੀਕ ਸਿੰਘ ਜੜਤੌਲੀ ਨੇ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਜ਼ਰੂਰੀ ਵਸਤਾਂ ਨੂੰ ਭੰਡਾਰ ਕਰਨ ਦੀ ਸੀਮਾ ਸਰਕਾਰ ਵੱਲੋਂ ਖ਼ਤਮ ਕਰ ਦਿੱਤੀ ਗਈ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂਰਕੋਟ, ਨੌਜਵਾਨ ਆਗੂ ਮਨਜੀਤ ਸਿੰਘ ਗੁੱਜਰਵਾਲ, ਗੁਰਮੀਤ ਸਿੰਘ, ਨਛੱਤਰ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ ਨੇ ਬਹਿਸ ਦੌਰਾਨ ਦੋਸ਼ ਲਾਇਆ ਕਿ ਜ਼ਰੂਰੀ ਖ਼ੁਰਾਕੀ ਵਸਤਾਂ ਦੀ ਨਕਲੀ ਥੁੜ ਪੈਦਾ ਕਰ ਕੇ ਕਾਲਾਬਾਜ਼ਾਰੀ ਕਰਨ ਵਾਲੇ ਲੋਕਾਂ ਵੱਲੋਂ ਮਨਮਰਜ਼ੀ ਦੇ ਭਾਅ ਵਸੂਲੇ ਜਾਣਗੇ। ਉਨ੍ਹਾਂ ਫ਼ਿਕਰਮੰਦੀ ਜ਼ਾਹਿਰ ਕੀਤੀ ਕਿ ਇਹ ਕਾਨੂੰਨ ਭੁੱਖਮਰੀ, ਮਹਿੰਗਾਈ, ਗ਼ਰੀਬ ਲੋਕਾਂ ਦੀ ਲੁੱਟ ਦਾ ਰਾਹ ਖੋਲ੍ਹ ਦੇਵੇਗਾ ਅਤੇ ਗ਼ਰੀਬ ਲੋਕਾਂ ਦਾ ਖ਼ੂਨ ਨਿਚੋੜ ਕੇ ਪੂੰਜੀਪਤੀ ਘਰਾਣਿਆਂ ਦੇ ਘਰ ਭਰੇਗਾ। ਕਿਸਾਨ ਸੰਸਦ ਨੇ ਵਿਵਾਦਿਤ ਖੇਤੀ ਕਾਨੂੰਨਾਂ ਤੋਂ ਇਲਾਵਾ ਅਜਿਹੇ ਲੋਕ ਮਾਰੂ ਕਾਨੂੰਨ ਵੀ ਰੱਦ ਕਰਨ ਦੀ ਮੰਗ ਕੀਤੀ ਹੈ।