ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜਨਵਰੀ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਰਾਲੀ ਪ੍ਰਬੰਧਨ ਲਈ ਖਰੀਦੀ ਮਸ਼ੀਨਰੀ ’ਚ ਕਰੋੜਾਂ ਦੇ ਘਪਲੇ ਸਬੰਧੀ ਖੇਤੀ ਵਿਭਾਗ ਦੇ 900 ਅਫਸਰਾਂ ਤੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਜਿਸ ਖ਼ਿਲਾਫ਼ ਖੇਤੀਬਾੜੀ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਮੁਹਾਲੀ ਦੇ ਖੇਤੀ ਭਵਨ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਖੇਤੀਬਾੜੀ ਤੇ ਕਿਸਾਨ ਵਿਭਾਗ ਦੇ ਡਾਇਰੈਕਟਰ ਵਲੋਂ ਭਲਕੇ ਮੁਹਾਲੀ ਦੇ ਖੇਤੀ ਭਵਨ ਵਿਚ ਮੀਟਿੰਗ ਸੱਦ ਲਈ ਗਈ ਹੈ। ਇਸ ਸਬੰਧੀ ਜਥੇਬੰਦੀ ਦੇ ਆਗੂਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਕਿ ਜਿਸ ਵਿਚ ਦੱਸਿਆ ਗਿਆ ਹੈ ਕਿ ਸੀਆਰਐਮ ਸਕੀਮ ਅਧੀਨ 2018-19 ਤੋਂ 2021-22 ਦੌਰਾਨ ਕਿਸਾਨਾਂ ਨੂੰ ਸਬਸਿਡੀ ਉੱਤੇ ਖੇਤੀ ਮਸ਼ੀਨਰੀ ਦਿੱਤੀ ਗਈ ਸੀ ਜਿਸ ਦੀ ਪੜਤਾਲ ਦੌਰਾਨ ਇਹ ਮਸ਼ੀਨਾਂ ਨਹੀਂ ਮਿਲੀਆਂ। ਇਸ ਮਾਮਲੇ ਦੇ ਦੋਸ਼ ਹੇਠ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਸਨ ਜਿਨ੍ਹਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ। ਖੇਤੀਬਾੜੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਨ੍ਹਾਂ ਨੋਟਿਸਾਂ ਵਿਰੁੱਧ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਖੇਤੀ ਅਧਿਕਾਰੀ ਤੇ ਮੁਲਾਜ਼ਮ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਤੱਥਾਂ ਸਹਿਤ ਨਕਾਰ ਰਹੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਕਿਸਾਨ ਵੱਲੋਂ ਅਰਜ਼ੀ ਦੇਣ ਤੋਂ ਲੈ ਕੇ ਸਬਸਿਡੀ ਦੀ ਰਕਮ ਮੁੱਖ ਦਫ਼ਤਰ ਵੱਲੋਂ ਸਿੱਧੀ ਬੈਂਕ ਖਾਤੇ ਵਿਚ ਪਾਉਣ ਆਦਿ ਤੱਕ ਸਾਰੀ ਪ੍ਰੀਕਿਰਿਆ ਹੀ ਆਨਲਾਈਨ ਹੈ ਤਾਂ ਹੇਰਾਫ਼ੇਰੀ ਕਿਵੇਂ ਹੋ ਸਕਦੀ ਹੈ। ਸੂਬੇ ਵਿੱਚ 90,422 ਮਸ਼ੀਨਾਂ ਦਿੱਤੀਆਂ ਗਈਆਂ ਸਨ। ਜਦੋਂ ਪੰਜਾਬ ਸਰਕਾਰ ਨੇ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ 11,275 ਮਸ਼ੀਨਾਂ (13 ਫੀਸਦੀ) ਗਾਇਬ ਮਿਲੀਆਂ।