ਜੋਗਿੰਦਰ ਸਿੰਘ ਮਾਨ
ਮਾਨਸਾ, 1 ਸਤੰਬਰ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ ਬਣੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਵਿਦਿਆਰਥੀਆਂ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਕਾਲਜ ਪ੍ਰਬੰਧਕਾਂ ਖਿਲਾਫ਼ ਦਿੱਤੇ ਜਾ ਰਹੇ ਧਰਨੇ ਦੌਰਾਨ ਦੂਜੇ ਦਿਨ ਵੀ ਮੁਰਦਾਬਾਦ ਜਾਰੀ ਰਹੀ। ਜਥੇਬੰਦੀ ਦਾ ਕਹਿਣਾ ਹੈ ਕਿ ਇਹ ਧਰਨਾ ਐੱਸਸੀ ਵਿਦਿਆਰਥੀਆਂ ਤੋਂ ਬੇਅਸੂਲੇ, ਵਸੂਲੇ ਜਾ ਰਹੇ ਪੀਟੀਏ ਫੰਡ ਦੇ ਖਿਲਾਫ਼ ਦਿੱਤਾ ਜਾ ਰਿਹਾ ਹੈ।
ਆਇਸਾ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਸਥਿਤੀ ਦਾ ਦੁਖਾਂਤ ਇਥੋਂ ਤੱਕ ਚਲਾ ਗਿਆ ਹੈ ਕਿ ਲਗਾਤਾਰ ਦੋ ਦਿਨਾਂ ਤੋਂ ਦਿਨ-ਰਾਤ ਦੇ ਦਿੱਤੇ ਜਾ ਰਹੇ ਧਰਨੇ ਦੇ ਬਾਵਜੂਦ ਜ਼ਿਲ੍ਹਾ ਹੈਡਕੁਆਰਟਰ ਦਾ ਕੋਈ ਸਰਕਾਰੀ ਅਧਿਕਾਰੀ ਵਿਦਿਆਰਥੀਆਂ ਨੂੰ ਇਨਸਾਫ਼ ਨਹੀਂ ਦਿਵਾ ਸਕਿਆ। ਆਇਸਾ ਦਾ ਵਫ਼ਦ ਡਿਪਟੀ ਕਮਿਸ਼ਨਰ ਮਾਨਸਾ ਅਤੇ ਜ਼ਿਲ੍ਹਾ ਭਲਾਈ ਅਫ਼ਸਰ ਮਾਨਸਾ ਨੂੰ ਪੀਟੀਏ ਫੰਡ ਦੀ ਮੁਆਫ਼ੀ ਸਬੰਧੀ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੇ ਚੰਡੀਗੜ੍ਹ ਆਇਸਾ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਵਿਜੈ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ 17 ਅਗਸਤ ਤੋਂ ਕਾਲਜ ਪ੍ਰਸ਼ਾਸ਼ਨ ਵੱਲੋਂ ਭਰੋਸੇ ਦੇਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਅਤੇ ਦੂਸਰੇ ਕਾਲਜਾਂ ਦੇ ਫੀਸਾਂ ਲੈਣ ਸਬੰਧੀ ਬੇਬੁਨਿਆਦ ਦਸਤਾਵੇਜ਼ ਵਿਦਿਆਰਥੀਆਂ ਨੂੰ ਵਿਖਾਕੇ ਗੁਮਰਾਹ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੁਰਵਿੰਦਰ ਨੰਦਗੜ੍ਹ,ਜਗਤਾਰ ਸਿੰਘ ਫ਼ਤਿਹਪੁਰ,ਅਰਸ਼ ਬੱਪੀਆਣ,ਬਲਜੀਤ ਸਿੰਘ,ਗਗਨ ਬੱਪੀਆਣਾ,ਜ਼ਸਪ੍ਰੀਤ ਸਿੰਘ ਅਤੇ ਸੁਖਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।