ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਜੂਨ
ਆਈਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿੱਚ ਪੜ੍ਹਦੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ’ਚ ਦੂਜੇ ਵਰ੍ਹੇ ਦੇ ਵਿਦਿਆਰਥੀ ਵਿਵੇਕ ਕੁਮਾਰ ਦੀ ਸਿਹਤ ਵਿਗੜਨ ਕਾਰਨ ਸਿਵਲ ਹਸਪਤਾਲ ਕਪੂਰਥਲਾ ਵਿੱਚ ਮੌਤ ਹੋ ਗਈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੋਸ ਵਜੋਂ ਲੰਘੀ ਦੇਰ ਰਾਤ ਤਿੰਨ ਵਜੇ ਤੱਕ ਜਲੰਧਰ-ਕਪੂਰਥਲਾ ਸੜਕ ਜਾਮ ਕਰ ਦਿੱਤੀ ਤੇ ਯੂਨੀਵਰਸਿਟੀ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਸੀ ਕਿ ਜੇਕਰ ਐਂਬੂਲੈਂਸ ਸਮੇਂ ਸਿਰ ਆ ਜਾਂਦੀ ਤਾਂ ਵਿਵੇਕ ਦੀ ਜਾਨ ਬਚ ਸਕਦੀ ਸੀ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਐਂਬੂਲੈਂਸ ਇੱਕ ਘੰਟਾ ਦੇਰੀ ਨਾਲ ਆਈ, ਜਿਸ ਕਾਰਨ ਵਿਵੇਕ ਦੀ ਸਿਹਤ ਹੋਰ ਵਿਗੜ ਗਈ ਤੇ ਉਸ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਸਕਿਆ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਮਾਪਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਵਿਵੇਕ ਕੁਮਾਰ ਨਾਮ ਦੇ ਵਿਦਿਆਰਥੀ ਦੀ ਸਿਹਤ ਖ਼ਰਾਬ ਹੋ ਗਈ ਸੀ ਤੇ ਪੀਟੀਯੂ ਦੇ ਪ੍ਰਬੰਧਕਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਅੱਧੇ ਘੰਟੇ ਬਾਅਦ ਹੀ ਮੌਤ ਹੋ ਗਈ। ਬਿਹਾਰ ਨਾਲ ਸਬੰਧਤ ਵਿਦਿਆਰਥੀ ਵਿਵੇਕ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿੰਦਾ ਸੀ ਤੇ ਉਸ ਨੇ ਦੁਪਹਿਰ ਬਾਅਦ ਛਾਤੀ ਅਤੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਸਿਵਲ ਹਸਪਤਾਲ ਵੱਲੋਂ ਵਿਵੇਕ ਕੁਮਾਰ ਦੀ ਲਾਸ਼ ਮੁਰਦਾਘਰ ਵਿਚ ਰਖਵਾ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ’ਤੇ ਹੀ ਪੋਸਟਮਾਰਟਮ ਕੀਤਾ ਜਾਵੇਗਾ।