ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਨਵੰਬਰ
ਕੇਂਦਰੀ ਮੰਤਰਾਲੇ ਵੱਲੋਂ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਜਾਣਨ ਲਈ ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰੀਖਿਆ ਅੱਜ ਕਰਵਾਈ ਗਈ। ਇਸ ਪ੍ਰੀਖਿਆ ਵਿੱਚ ਗਣਿਤ ਦੇ ਇਸ ਸਾਲ ਨਵੰਬਰ ਪ੍ਰੀਖਿਆ ਵਿਚ ਆਉਣ ਵਾਲੇ ਸਿਲੇਬਸ ਦੀ ਥਾਂ ਅਗਲੀ ਟਰਮ ਦੇ ਸਿਲੇਬਸ ਵਿਚੋਂ ਸਵਾਲ ਪੁੱਛੇ ਗਏ, ਜਿਸ ਕਾਰਨ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉਲਝ ਗਏ। ਇਹ ਪ੍ਰੀਖਿਆ ਪੰਜਾਬ ਦੇ 3722, ਹਰਿਆਣਾ ਦੇ 3230 ਤੇ ਚੰਡੀਗੜ੍ਹ ਦੇ 106 ਸਕੂਲਾਂ ਵਿਚ ਹੋਈ।
ਇਸ ਪ੍ਰੀਖਿਆ ਦੇ ਆਧਾਰ ’ਤੇ ਦੇਸ਼ ਭਰ ਦੇ ਸਕੂਲਾਂ ਦੀ ਰੈਂਕਿੰਗ ਨਿਰਧਾਰਿਤ ਕੀਤੀ ਜਾਵੇਗੀ। ਇਹ ਪ੍ਰੀਖਿਆ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਲਈ ਗਈ। ਇਸ ਤੋਂ ਪਹਿਲਾਂ ਸੀਬੀਐਸਈ ਨੇ ਹਦਾਇਤ ਕੀਤੀ ਸੀ ਕਿ ਇਸ ਪ੍ਰੀਖਿਆ ਦੇ ਆਧਾਰ ’ਤੇ ਹੀ ਵਿਦਿਆਰਥੀਆਂ ਨੂੰ ਬੋਰਡ ਜਮਾਤਾਂ ਦੀ ਤਿਆਰੀ ਕਰਵਾਈ ਜਾਵੇਗੀ। ਦਸਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਟਰਮ-1 ਨਵੰਬਰ ਦੇ ਆਖੀਰ ਵਿੱਚ ਹੋਣੀ ਹੈ, ਜਿਸ ਵਿਚ 50 ਫੀਸਦੀ ਸਿਲੇਬਸ ਵਿਚੋਂ ਹੀ ਸਵਾਲ ਆਉਣੇ ਹਨ ਤੇ ਚੰਡੀਗੜ੍ਹ ਤੇ ਮੁਹਾਲੀ ਦੇ ਕਈ ਪ੍ਰਾਈਵੇਟ ਸਕੂਲਾਂ ਨੇ ਤਾਂ ਵਿਦਿਆਰਥੀਆਂ ਨੂੰ ਲਗਪਗ ਸਿਲੇਬਸ ਕਰਵਾ ਦਿੱਤਾ ਹੈ ਪਰ ਸਰਕਾਰੀ ਸਕੂਲਾਂ ਵਿਚ ਟਰਮ-1 ਅਨੁਸਾਰ 50 ਫੀਸਦੀ ਸਿਲੇਬਸ ਹੀ ਕਰਵਾਇਆ ਗਿਆ ਹੈ, ਜਿਸ ਕਾਰਨ ਅੱਜ ਗਣਿਤ ਦੇ ਕਈ ਸਵਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੱਲ ਨਹੀਂਂ ਕਰ ਸਕੇ।
ਤੀਜੀ ਜਮਾਤ ਦੇ ਅੰਗਰੇਜ਼ੀ ਦੇ ਸਵਾਲ ਔਖੇ ਆਏ
ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਅੰਗਰੇਜ਼ੀ ਦਾ ਕੰਪਰੀਹੈਂਸਿਵ ਹੱਲ ਕਰਨ ਨੂੰ ਦਿੱਤਾ ਗਿਆ ਜੋ ਕਾਫੀ ਵੱਡਾ ਸੀ ਜਿਸ ਨੂੰ ਹੱਲ ਕਰਨ ਵਿਚ ਕਾਫੀ ਸਮਾਂ ਲੱਗਿਆ ਤੇ ਕਈ ਵਿਦਿਆਰਥੀ ਇਹ ਸਵਾਲ ਪੂਰਾ ਨਹੀਂ ਕਰ ਸਕੇ। ਜ਼ਿਕਰਯੋਗ ਹੈ ਕਿ ਅੱਜ ਦੀ ਪ੍ਰੀਖਿਆ ਭਾਸ਼ਾ, ਗਣਿਤ, ਵਿਗਿਆਨ, ਸਮਾਜਿਕ ਸਿੱਖਿਆ ਦੇ ਸਵਾਲਾਂ ਆਧਾਰਿਤ ਲਈ ਗਈ।