ਨਿੱਜੀ ਪੱਤਰ ਪ੍ਰੇਰਕ
ਮਾਨਸਾ, 14 ਜੁਲਾਈ
ਹੁਣ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਦਾਖਲਾ ਲੈਂਦੇ ਸਮੇਂ ਵਿਦਿਆਰਥੀਆਂ ਨੂੰ ਆਪਣੇ ਮਾਂ ਤੇ ਬਾਪ ਦੋਵਾਂ ਦਾ ਨਾਮ ਲਿਖਵਾਉਣਾ ਜ਼ਰੂਰੀ ਨਹੀਂ ਰਿਹਾ। ਕਿਸੇ ਵੀ ਸਕੂਲ ਵਿੱਚ ਸਿੰਗਲ ਪੇਰੈਂਟ ਨਾਮ ਨਾਲ ਵੀ ਦਾਖ਼ਲਾ ਮਿਲੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ ਸਕੂਲਾਂ ਵਿੱਚ ਕਿਸੇ ਵੀ ਨਵੀਂ ਜਮਾਤ ਵਿੱਚ ਦਾਖ਼ਲਾ ਲੈਣ ਵੇਲੇ ਮਾਂ ਤੇ ਬਾਪ ਦੋਵਾਂ ਦਾ ਨਾਮ ਦਰਜ ਕਰਵਾਉਣਾ ਲਾਜ਼ਮੀ ਸੀ। ਬਹੁਤੀ ਵਾਰ ਮਾਂ-ਬਾਪ ਦੇ ਕਿਸੇ ਝਗੜੇ ਜਾਂ ਤਲਾਕ ਹੋਣ ਦੇ ਬਾਵਜੂਦ ਮਾਂ ਤੇ ਬਾਪ ਦਾ ਨਾਮ ਦਰਜ ਕਰਵਾਉਣਾ ਹੀ ਪੈਂਦਾ ਸੀ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਿੱਖਿਆ ਵਿਭਾਗ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿੱ) ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਨਾਮ ਜਾਰੀ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਹੁਣ ਕਿਸੇ ਵੀ ਬੱਚੇ ਨੂੰ ਇਕਹਿਰੇ ਮਾਪੇ ਹੋਣ ਕਾਰਨ ਦਾਖ਼ਲੇ ਤੋਂ ਜਵਾਬ ਨਹੀਂ ਦਿੱਤਾ ਜਾ ਸਕੇਗਾ।