ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 24 ਦਸੰਬਰ
1971 ਦੀ ਭਾਰਤ-ਪਾਕਿ ਜੰਗ ਵਿਚ ਬਹਾਦਰੀ ਦਿਖਾਉਣ ਵਾਲੇ ਸੂਬੇਦਾਰ ਰਾਮ ਸਿੰਘ ਨੂੰ 50 ਵਰ੍ਹਿਆਂ ਮਗਰੋਂ ਮੁੜ ਫੌਜ ਦੇ ਕੰਪਨੀ ਕਮਾਂਡਰ ਵੱਲੋਂ ਉਨ੍ਹਾਂ ਨੂੰ ਘਰ ਆ ਕੇ ਸਨਮਾਨਿਤ ਕੀਤਾ ਗਿਆ ਹੈ, ਜੋ ਪਰਿਵਾਰ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ 1971 ਦੀ ਜੰਗ ਵਿਚ ਫਿਰੋਜ਼ਪੁਰ ਬਾਰਡਰ ’ਤੇ ਪਾਕਿਸਤਾਨ ਦੀ ਫੌਜ ਵੱਲੋਂ ਭਾਰਤ ਦੀ ਇਕ ਫੌਜੀ ਟੁੱਕੜੀ ਤੇ ਬੰਬ ਸੁੱਟਿਆ ਗਿਆ ਸੀ ਜੋ ਫੱਟ ਨਹੀਂ ਸਕਿਆ ਤੇ ਸੂਬੇਦਾਰ ਰਾਮ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਹ ਬੰਬ ਉਸ ਪੁਲ ’ਤੇ ਸੁੱਟ ਕੇ ਪੁਲ ਨੂੰ ਉਡਾ ਦਿੱਤਾ ਜਿੱਥੋਂ ਪਾਕਿਸਤਾਨੀ ਫੌਜ ਭਾਰਤ ਵੱਲ ਵਧਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਕਈ ਪਾਕਿਸਤਾਨੀ ਫੌਜੀ ਮਾਰੇ ਗਏ ਸਨ। ਇਸ ਪਿਛੋਂ ਸੂਬੇਦਾਰ ਰਾਮ ਸਿੰਘ ਨੂੰ ਉਦੋਂ ਦੇ ਰਾਸ਼ਟਰਪਤੀ ਵੱਲੋਂ ਸੈਨਾ ਮੈਡਲ ਪ੍ਰਦਾਨ ਕੀਤਾ ਗਿਆ ਸੀ ਅਤੇ ਹੁਣ ਮੁੜ ਤੋਂ ਉਨ੍ਹਾਂ ਦੀ ਫੌਜੀ ਕੰਪਨੀ ਦੇ ਕਮਾਂਡਰ ਕਰਨਲ ਐੱਸ.ਐੱਸ. ਬੌਸ ਵੱਲੋਂ ਭਾਰਤ-ਪਾਕਿ ਜੰਗ ਦੀ 50ਵੀਂ ਵਰ੍ਹੇਗੰਢ ਮਨਾਉਂਦਿਆਂ ਸੂਬੇਦਾਰ ਦੇ ਘਰ ਦੋਰਾਹਾ ਵਿਖੇ ਇਕ ਫੌਜੀ ਅਫ਼ਸਰ ਰਾਹੀਂ ਇਕ ਮੈਡਲ, ਸ਼ਾਲ, ਪ੍ਰਮਾਣ ਪੱਤਰ, ਸਿਰੋਪਾਓ ਤੇ ਗੁਟਕਾ ਸਾਹਿਬ ਭੇਜਿਆ ਗਿਆ। ਸੂਬੇਦਾਰ ਵੱਲੋਂ ਇਸ ਮਾਣ ਬਦਲੇ ਕੰਪਨੀ ਦਾ ਧੰਨਵਾਦ ਕੀਤਾ ਗਿਆ ਹੈ।