ਧਾਰੀਵਾਲ, 3 ਅਗਸਤ
ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਨੇੜਲੇ ਇਤਿਹਾਸਕ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਖਿਮਾ ਯਾਚਨਾ ਕੀਤੀ। ਇਸ ਮੌਕੇ ਪੰਜ ਪਿਆਰਿਆਂ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ 21 ਦਿਨ ਰੋਜ਼ਾਨਾ ਇਕ ਘੰਟਾ ਗੁਰੂ ਘਰ ਵਿੱਚ ਝਾੜੂ ਮਾਰਨ ਦੀ ਤਨਖ਼ਾਹ (ਧਾਰਮਿਕ ਸਜ਼ਾ) ਲਗਾਈ ਗਈ ਅਤੇ ਦੁਬਾਰਾ ਅੰਮ੍ਰਿਤਪਾਨ ਕਰਾਇਆ ਗਿਆ। ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਜਥੇਦਾਰ ਬਾਬਾ ਤਰਸੇਮ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ ਦੀ ਅਗਵਾਈ ਵਿੱਚ ਪੂਰਨਮਾਸ਼ੀ ਮੌਕੇ ਕਰਾਏ ਗਏ ਸਾਲਾਨਾ ਸਮਾਗਮ ਦੌਰਾਨ ਸੁੱਚਾ ਸਿੰਘ ਲੰਗਾਹ ਪਰਿਵਾਰ ਸਣੇ ਪੰਜ ਪਿਆਰਿਆਂ ਅੱਗੇ ਪੇਸ਼ ਹੋਏ। ਇਸ ਮੌਕੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਦਾ ਗੁਰੂ ਘਰ ਨੂੰ ਸਮਰਪਿਤ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜ ਪਿਆਰਿਆਂ ਵੱਲੋਂ ਲਗਾਈ ਗਈ ਤਨਖ਼ਾਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਤਨਖਾਹ ਪੂਰੀ ਕਰਨ ਉਪਰੰਤ ਇਸੇ ਅਸਥਾਨ ’ਤੇ ਸੋਧ ਦੀ ਅਰਦਾਸ ਕਰਵਾਈ ਜਾਵੇਗੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਵੇਗਾ। ਇਸ ਮੌਕੇ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛੱਕ ਕੇ 23 ਪ੍ਰਾਣੀ ਗੁਰੂ ਵਾਲੇ ਬਣੇ। ਦੱਸਣਯੋਗ ਹੈ ਕਿ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਬੰਦਾ ਸਿੰਘ ਬਹਾਦਰ ਨੇ ਆਖਰੀ ਲੜਾਈ ਲੜੀ ਸੀ ਤੇ ਮੁਗ਼ਲ ਫ਼ੌਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲੈ ਗਈਆਂ ਸਨ।