ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਅਗਸਤ
ਨੂਰਾਂ ਭੈਣਾਂ ਦੇ ਨਾਂ ਨਾਲ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਨਾਲ ਉਸ ਦੇ ਪਤੀ ਨੇ ਕਥਿਤ 20 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਜੋਤੀ ਨੂਰਾਂ ਨੇ 2014 ਵਿੱਚ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਕੁਨਾਲ ਪਾਸੀ ਨਾਂ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਜੋਤੀ ਨੂਰਾਂ ਨੇ ਦੱਸਿਆ ਕਿ ਉਸ ਦਾ ਪਤੀ ਕਥਿਤ ਨਸ਼ੇ ਕਰਦਾ ਹੈ ਤੇ ਅਕਸਰ ਉਸ ਨਾਲ ਕੁੱਟਮਾਰ ਕਰਦਾ ਰਿਹਾ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਵੱਲੋਂ ਜਿੰਨੇ ਵੀ ਸ਼ੋਅ ਕੀਤੇ ਗਏ ਹਨ, ਉਨ੍ਹਾਂ ਦੀ ਅਦਾਇਗੀ ਰਕਮ ਤੇ ਹੋਰ ਹਿਸਾਬ ਕਿਤਾਬ ਕੁਨਾਲ ਹੀ ਸੰਭਾਲਦਾ ਆ ਰਿਹਾ ਹੈ। ਜੋਤੀ ਨੂਰਾਂ ਨੇ ਦੱਸਿਆ ਕਿ ਅੱਜ ਤੱਕ ਦੇਸ਼ ਅਤੇ ਵਿਦੇਸ਼ ਵਿੱਚ ਜਿੰਨੇ ਵੀ ਸ਼ੋਅ ਉਸ ਨੇ ਕੀਤੇ ਹਨ, ਕੁਨਾਲ ਹੁਣ ਤੱਕ ਅੰਦਾਜ਼ਨ 20 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਿਆ ਹੈ।