ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਜੂਨ
ਦੋਆਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਗੰਨਾ ਉਤਪਾਦਕਾਂ ਦੇ ਫਗਵਾੜਾ ਦੀ ਖੰਡ ਵੱਲ ਖੜ੍ਹੇ 72 ਕਰੋੜ ਦੇ ਬਕਾਏ ਦਾ ਭੁਗਤਾਨ ਕਰਨ ਲਈ ਸੰਧਰ ਖੰਡ ਮਿੱਲ ਫਗਵਾੜਾ ਆਪਣੀ ਫਤਿਆਬਾਦ (ਹਰਿਆਣਾ) ਵਿਚਲੀ 155 ਕਰੋੜ ਜ਼ਮੀਨ ਵੇਚਣ ਲਈ ਤਿਆਰ ਹੈ। ਜਾਣਕਾਰੀ ਅਨੁਸਾਰ ਇਸ ਜ਼ਮੀਨ ਦਾ ਮੁਲ 22 ਕਰੋੜ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਕਿਸਾਨ ਫਿਕਰਮੰਦ ਹਨ ਕਿ ਉਨ੍ਹਾਂ ਦੇ ਬਾਕੀ ਰਹਿੰਦੇ 50 ਕਰੋੜ ਦੀ ਅਦਾਇਗੀ ਲਈ ਖੰਡ ਮਿੱਲ ਹੋਰ ਕਿਹੜੀ ਜ਼ਾਇਦਾਦ ਵੇਚੇਗੀ।
ਹਰਿਆਣਾ ਵਿੱਚਲੀ 155 ਏਕੜ ਜ਼ਮੀਨ ਦਾ ਅਸਲ ਮੁਲ ਪਤਾ ਕਰਨ ਲਈ ਅਫਸਰਾਂ ਤੇ ਕਿਸਾਨਾਂ ਦੀ ਇੱਕ ਸਾਂਝੀ ਟੀਮ ਭਲਕੇ 13 ਜੂਨ ਨੂੰ ਫਤਿਆਬਾਦ ਜਾਵੇਗੀ। ਜਲੰਧਰ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਫਤਿਆਬਾਦ (ਹਰਿਆਣਾ) ਵਿੱਚ ਗੋਲਡਨ ਸੰਧਰ ਸ਼ੂਗਰ ਮਿੱਲ ਨਾਲ ਸਬੰਧਤ 155 ਏਕੜ ਜ਼ਮੀਨ ਦੀ ਅਸਲ ਸਥਿਤੀ ਅਤੇ ਇਸ ਦੀ ਅਸਲ ਕੀਮਤ ਜਾਣਨ ਲਈ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਤਾਂ ਜੋ ਮਿੱਲ ਵਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਨੂੰ ਕਰਵਾਇਆ ਜਾ ਸਕੇ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਕਿਸਾਨ ਲੰਮੇ ਸਮੇਂ ਤੋਂ ਗੰਨੇ ਦੇ ਬਕਾਏ ਦੀ ਮੰਗ ਕਰਦੇ ਆ ਰਹੇ ਹਨ ਨਾ ਤਾਂ ਸਰਕਾਰ ਸੁਣਦੀ ਹੈ ਤੇ ਨਾ ਹੀ ਖੰਡ ਮਿੱਲ ਵਾਲੇ। ਉਨ੍ਹਾਂ ਦੱਸਿਆ ਕਿ 13 ਜੂਨ ਨੂੰ ਪੜਤਾਲੀਆ ਕਮੇਟੀ ਦੇ ਦੌਰੇ ਤੋਂ ਬਾਅਦ ਆਉਣ ਵਾਲੀ ਰਿਪੋਰਟ ਘੋਖੀ ਜਾਵੇਗੀ ਫਿਰ ਅਗਲੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੜਤਾਲੀਆ ਕਮੇਟੀ ਵਲੋਂ ਜ਼ਿਲ੍ਹਾ ਫਤਿਆਬਾਦ ਵਿੱਚ ਸਬੰਧਿਤ ਸਥਾਨ ਦਾ 13 ਜੂਨ ਦੌਰਾ ਕਰਕੇ ਇਸ ਦੇ ਸਾਰੇ ਪਹਿਲੂ ਜਿਸ ਵਿੱਚ ਬਾਜ਼ਾਰੀ ਕੀਮਤ ਅਤੇ ਇਸ ’ਤੇ ਰਹਿੰਦੇ ਬਕਾਇਆਂ ਬਾਰੇ ਪੜਤਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ ਵਲੋਂ ਕਿਸਾਨਾਂ ਪਾਸੋਂ ਖ਼ਰੀਦੇ ਗਏ ਗੰਨੇ ਦਾ 72 ਕਰੋੜ ਰੁਪਏ ਅਦਾ ਕੀਤਾ ਜਾਣਾ ਹੈ।
ਕਮੇਟੀ ਵਿੱਚ ਐੱਸਡੀਐੱਮ ਅਜਨਾਲਾ ਕੁਲਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਪਵਨ ਕੁਮਾਰ, ਐੱਸਬੀਐੱਸ ਨਗਰ, ਨਵਦੀਪ ਸਿੰਘ ਭੋਗਲ, ਤਹਿਸੀਲਦਾਰ ਫਗਵਾੜਾ, ਸੁਰਿੰਦਰ ਪਾਲ ਸਿੰਘ ਕਾਨੂੰਨਗੋ ਫਗਵਾੜਾ ਅਤੇ ਜਸਪਿੰਦਰ ਸਿੰਘ ਪਟਵਾਰੀ ਫਗਵਾੜਾ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਕਮੇਟੀ ਵਿੱਚ ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਜਾਣਕਾਰੀ ਅਨੁਸਾਰ ਵਿਚ ਪੰਜਾਬ ਦੀਆਂ ਖੰਡ ਮਿੱਲਾਂ ਵੱਲ ਖੜ੍ਹੇ ਗੰਨੇ ਬਕਾਏ ਸਬੰਧੀ ਰੋਜ਼ਾਨਾ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ।