ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜਨਵਰੀ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਹੈ ਕਿ ਉਹ ਗੰਨਾ ਉਤਪਾਦਕ ਕਿਸਾਨਾਂ ਦੇ 284 ਕਰੋੜ ਰੁਪਏ ਦੇ ਬਕਾਏ ਤੁਰੰਤ ਅਦਾ ਕਰੇ। ਪਾਰਟੀ ਨੇ ਸੂਬੇ ਵਿਚ ਗੰਨੇ ਦੇ ਯਕੀਨੀ ਮੁੱਲ ਵਿਚ ਵਾਧੇ ਦੀ ਵੀ ਮੰਗ ਕੀਤੀ ਹੈ। ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਪਾਰਟੀ ਗੰਨਾ ਉਤਪਾਦਕ ਕਿਸਾਨਾਂ ਲਈ ਨਿਆਂ ਹਾਸਲ ਕਰਨ ਲਈ ਸੰਘਰਸ਼ ਸ਼ੁਰੂ ਕਰੇਗੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੀਟਿੰਗ ਕਰ ਕੇ ਇਸ ਗੱਲ ਦਾ ਨੋਟਿਸ ਲਿਆ ਗਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ 2019-20 ਦੇ 188 ਕਰੋੜ ਰੁਪਏ ਬਕਾਏ ਅਦਾ ਕਰਨੇ ਹਨ ਜਦਕਿ 81 ਕਰੋੜ ਰੁਪਏ ਮੌਜੂਦਾ ਸੀਜ਼ਨ ਦੇ ਬਕਾਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਨੇ ਕਿਸਾਨਾਂ ਦੇ 96 ਕਰੋੜ ਰੁਪਏ ਅਦਾ ਕਰਨੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਦੁੱਖ ਤੋਂ ਜਾਣ ਬੁੱਝ ਕੇ ਅਨਜਾਣ ਬਣ ਰਹੇ ਹਨ। ਸਰਕਾਰ ਨੇ ਕਿਸਾਨਾਂ ਦੇ ਬਕਾਏ ਅਦਾ ਕਰਨ ਲਈ ਪ੍ਰਾਈਵੇਟ ਖੰਡ ਮਿੱਲਾਂ ਨੂੰ ਵੀ ਅਦਾਇਗੀ ਕਰਨ ਲਈ ਨਹੀਂ ਆਖਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਾਰੇ ਬਕਾਏ ਤੁਰੰਤ ਵਿਆਜ ਸਮੇਤ ਅਦਾ ਕੀਤੇ ਜਾਣੇ ਚਾਹੀਦੇ ਹਨ ਤੇ ਖੰਡ ਮਿੱਲਾਂ ਨੂੰ ਗੰਨੇ ਦੀ ਅਦਾਇਗੀ 14 ਦਿਨਾਂ ਦੇ ਅੰਦਰ ਅੰਦਰ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਤਿੰਨ ਸਾਲਾਂ ਤੋਂ ਸੂਬੇ ਦੇ ਗੰਨੇ ਦੀ ਕੀਮਤ ਵਿਚ ਵਾਧਾ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਪੰਜਾਬ ਵਿਚ ਗੰਨੇ ਦਾ ਐਸਏਪੀ 310 ਰੁਪਏ ਕੁਇੰਟਲ ਹੈ ਜਦਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਰਕਾਰਾਂ ਕਿਸਾਨਾਂ ਨੂੰ 350 ਰੁਪਏ ਪ੍ਰਤੀ ਕੁਇੰਟਲ ਐਸਏਪੀ ਅਦਾ ਕਰ ਰਹੀਆਂ ਹਨ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਬਿਕਰਮ ਸਿੰਘ ਮਜੀਠੀਆ ਮੌਜੂਦ ਸਨ।