ਸੰਤੋਖ ਗਿੱਲ
ਗੁਰੂਸਰ ਸੁਧਾਰ, 31 ਮਈ
ਜ਼ਮੀਨੀ ਵੰਡ ਦੇ ਮਾਮਲੇ ਵਿੱਚ ਭਰਜਾਈ ਤੇ ਭਤੀਜਿਆਂ ਵੱਲੋਂ ਸਤਾਏ ਪਿੰਡ ਦੋਲੋਂ ਖ਼ੁਰਦ ਦੇ 62 ਸਾਲਾ ਕਿਸਾਨ ਮੋਹਣ ਸਿੰਘ ਨੇ ਅੱਜ ਤੜਕਸਾਰ ਘਰ ਵਿੱਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪੁੱਤਰ ਗੁਰਜੰਟ ਸਿੰਘ ਦੇ ਬਿਆਨਾਂ ’ਤੇ ਥਾਣਾ ਜੋਧਾਂ ਦੀ ਪੁਲੀਸ ਨੇ ਮ੍ਰਿਤਕ ਦੀ ਭਰਜਾਈ ਗੁਰਮੇਲ ਕੌਰ, ਭਤੀਜੇ ਭਗਵੰਤ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ ਅਤੇ ਭਰਾ ਦੇ ਪੋਤਰੇ ਦਿਲਪ੍ਰੀਤ ਸਿੰਘ ਵਿਰੁੱਧ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਮੋਹਣ ਸਿੰਘ ਦੀ ਆਪਣੇ ਭਰਾਵਾਂ ਨਾਲ ਜ਼ਮੀਨੀ ਵੰਡ ਕਰੀਬ 20 ਸਾਲ ਪਹਿਲਾਂ ਹੋ ਗਈ ਸੀ, ਪਰ ਗੁਰਮੇਲ ਕੌਰ ਦੇ ਪਰਿਵਾਰਕ ਮੈਂਬਰ ਆਨੇ-ਬਹਾਨੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਕੁਝ ਦਿਨ ਪਹਿਲਾਂ ਮੁਲਜ਼ਮ ਭਗਵੰਤ ਸਿੰਘ ਨੇ ਪਿਸਤੌਲ ਦਿਖਾ ਕੇ ਧਮਕਾਇਆ ਵੀ ਸੀ।
ਕਿਸਾਨ ਵੱਲੋਂ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੂਵਾਲਾ ਗਰਬੀ ਵਿੱਚ ਇੱਕ ਕਿਸਾਨ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਤਣਾਅ ਵਿੱਚ ਦੱਸਿਆ ਜਾਂਦਾ ਸੀ ਪਰ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਨੱਥੂਵਾਲਾ ਚੌਕੀ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਭੇਜ ਸਿੰਘ ਉਰਫ਼ ਕਾਲਾ ਨੇ ਲਾਇਸੈਂਸੀ ਪਿਸਤੌਲ ਨਾਲ ਖੇਤ ਵਿੱਚ ਜਾ ਕੇ ਦੁਪਹਿਰ ਵੇਲੇ ਆਪਣੇ ਆਪ ਨੂੰ ਗੋਲੀ ਮਾਰ ਲਈ। ਉਸ ਵੇਲੇ ਉੱਥੇ ਕੰਮ ਕਰ ਰਹੇ ਕਿਸਾਨ ਦੇ ਸੀਰੀ ਨੇ ਰੌਲਾ ਪਾਇਆ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਬਾਘਾਪੁਰਾਣਾ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਹ ਦਮ ਤੋੜ ਗਿਆ। ਚੌਕੀ ਇੰਚਾਰਜ ਮੁਤਾਬਕ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।