ਖੰਨਾ (ਨਿੱਜੀ ਪੱਤਰ ਪ੍ਰੇਰਕ):
ਸਹੁਰਾ ਪਰਿਵਾਰ ਤੋਂ ਦੁਖੀ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨਵੀਰ ਭੱਟੀ ਵਾਸੀ ਖੰਨਾ ਵਜੋਂ ਹੋਈ। ਮ੍ਰਿਤਕ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਪੁੱਤਰ ਕਰਨਵੀਰ ਦਾ ਵਿਆਹ ਅਮਨਪ੍ਰੀਤ ਕੌਰ ਵਾਸੀ ਖੁੱਡਾ ਲਹੌਰਾ ਚੰਡੀਗੜ੍ਹ ਨਾਲ 2018 ਵਿਚ ਹੋਇਆ ਸੀ ਅਤੇ 2019 ਵਿਚ ਉਨ੍ਹਾਂ ਦੇ ਘਰ ਲੜਕਾ ਅਤੇ ਲੜਕੀ ਨੇ ਜਨਮ ਲਿਆ। ਕੁਝ ਸਮੇਂ ਬਾਅਦ ਅਮਨਪ੍ਰੀਤ ਲੜਕੀ ਨੂੰ ਆਪਣੇ ਨਾਲ ਲੈ ਕੇ ਪੇਕੇ ਚਲੀ ਗਈ। ਉਸ ਨੂੰ ਲਿਆਉਣ ਲਈ ਕਰਨਵੀਰ ਗਿਆ ਪਰ ਉਹ ਵਾਪਸ ਨਾ ਆਈ। ਕਰਨਵੀਰ ਦਾ ਸਹੁਰਾ ਪਰਿਵਾਰ ਉਸ ਤੋਂ ਅਦਾਲਤੀ ਤਲਾਕ ਦੇ ਨਾਂ ’ਤੇ ਜ਼ਿਆਦਾ ਪੈਸੇ ਮੰਗਣ ਲੱਗਿਆ। ਇਸ ਕਾਰਨ ਕਰਨਵੀਰ ਪ੍ਰੇਸ਼ਾਨ ਰਹਿਣ ਲੱਗਿਆ। ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਪੁਲੀਸ ਨੇ ਸਹੁਰਾ ਪਰਿਵਾਰ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ।