ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 22 ਅਗਸਤ
ਕਰਜ਼ੇ ਤੋਂ ਪ੍ਰੇਸ਼ਾਨ ਇੱਕ ਨੌਜਵਾਨ ਨੇ ਇੱਥੇ ਥਰਮਲ ਪਲਾਂਟ ਦੀ ਝੀਲ ਨੰਬਰ ਤਿੰਨ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਕਰੀਬ ਇੱਕ ਵਜੇ ਸਮਾਜਿਕ ਸੰਗਠਨ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸੂਚਨਾ ਮਿਲੀ ਕਿ ਗੋਨਿਆਣਾ ਰੋਡ ’ਤੇ ਥਰਮਲ ਪਲਾਂਟ ਦੀ ਝੀਲ ਨੰਬਰ ਤਿੰਨ ਵਿੱਚ ਇਕ ਲਾਸ਼ ਪਈ ਹੈ। ਸੰਸਥਾ ਦੇ ਵਾਲੰਟੀਅਰਾਂ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਝੀਲ ’ਚੋਂ ਬਾਹਰ ਕੱਢਿਆ। ਮ੍ਰਿਤਕ ਦੀ ਪਛਾਣ ਸੁਖਵਿੰਦਰ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਪਰਸ ਰਾਮ ਨਗਰ ਬਠਿੰਡਾ ਵਜੋਂ ਹੋਈ। ਮ੍ਰਿਤਕ ਦੇ ਵਾਰਸਾਂ ਮੁਤਾਬਿਕ ਸੁਖਵਿੰਦਰ ਕਰਜ਼ੇ ਤੋਂ ਪ੍ਰੇਸ਼ਾਨ ਸੀ। ਉਸ ਨੇ ਕਰਜ਼ਾ ਉਤਾਰਨ ਲਈ ਗਹਿਣੇ ਵੀ ਵੇਚ ਦਿੱਤੇ ਸਨ। ਪੁਲੀਸ ਵੱਲੋਂ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।