ਸੁਭਾਸ਼ ਚੰਦਰ
ਸਮਾਣਾ, 31 ਜੁਲਾਈ
ਵਿਦੇਸ਼ ਨਾ ਬੁਲਾਉਣ ’ਤੇ ਪ੍ਰੇਮਿਕਾ ਤੋਂ ਖਫ਼ਾ ਇੱਕ ਨੌਜਵਾਨ ਨੇ ਇੱਥੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸਦਰ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਲਵਿੰਦਰ ਸਿੰਘ (25) ਦੇ ਪਿਤਾ ਕੁਲਦੀਪ ਸਿੰਘ ਵਾਸੀ ਪਿੰਡ ਨਸੂਪੁਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਦੇ ਇਕਲੌਤੇ ਪੁੱਤਰ ਦਾ ਕੋਮਲਪ੍ਰੀਤ ਕੌਰ ਵਾਸੀ ਪਟਿਆਲਾ ਨਾਲ ਪ੍ਰੇਮ ਸਬੰਧ ਸੀ। ਕੋਮਲਪ੍ਰੀਤ ਅਤੇ ਉਸ ਦੀ ਮਾਂ ਮਨਪ੍ਰੀਤ ਕੌਰ ਦੀ ਸਹਿਮਤੀ ਨਾਲ ਗੱਲਬਾਤ ਮਗਰੋਂ ਤੈਅ ਹੋਇਆ ਸੀ ਕਿ ਕੋਮਲਪ੍ਰੀਤ ਇੰਗਲੈਂਡ ਪਹੁੰਚ ਕੇ ਪਲਵਿੰਦਰ ਸਿੰਘ ਨੂੰ ਆਪਣੇ ਕੋਲ ਸੱਦੇਗੀ ਅਤੇ ਉੱਥੇ ਦੋਵਾਂ ਦਾ ਵਿਆਹ ਹੋਵੇਗਾ। ਪਲਵਿੰਦਰ ਸਿੰਘ ਦੇ ਪਰਿਵਾਰ ਨੇ 12 ਲੱਖ ਰੁਪਏ ਤੋਂ ਵੱਧ ਖਰਚ ਕੇ ਕੋਮਲਪ੍ਰੀਤ ਨੂੰ ਦੋ ਮਹੀਨੇ ਪਹਿਲਾਂ ਇੰਗਲੈਂਡ ਭੇਜ ਦਿੱਤਾ ਸੀ। ਪਿਛਲੇ ਕੁਝ ਦਿਨਾਂ ਤੋਂ ਕੋਮਲਪ੍ਰੀਤ ਉਸ ਦੇ ਪੁੱਤਰ ਨਾਲ ਸਹੀ ਢੰਗ ਨਾਲ ਗੱਲਬਾਤ ਨਹੀਂ ਕਰ ਰਹੀ ਸੀ। ਉਹ ਪਲਵਿੰਦਰ ਨੂੰ ਆਪਣੇ ਕੋਲ ਬੁਲਾਉਣ, ਪੈਸੇ ਮੋੜਨ ਅਤੇ ਵਿਆਹ ਤੋਂ ਇਨਕਾਰ ਕਰਕੇ ਉਸ ਦਾ ਮੋਬਾਈਲ ਨੰਬਰ ਬਲੌਕ ਕਰਨ ਦੀ ਧਮਕੀ ਦੇ ਰਹੀ ਸੀ। ਇਸ ਕਾਰਨ ਪਲਵਿੰਦਰ ਮਾਨਸਿਕ ਤੌਰ ’ਤੇ ਕਾਫ਼ੀ ਪ੍ਰੇਸ਼ਾਨ ਸੀ। ਮੰਗਲਵਾਰ ਦੀ ਰਾਤ ਦੋਵਾਂ ਦਰਮਿਆਨ ਕਿਸੇ ਗੱਲੋਂ ਤਕਰਾਰ ਮਗਰੋਂ ਪਲਵਿੰਦਰ ਨੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਅਧਿਕਾਰੀ ਅਨੁਸਾਰ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੋਮਲਪ੍ਰੀਤ ਕੌਰ, ਉਸ ਦੀ ਮਾਂ ਮਨਪ੍ਰੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਪਟਿਆਲਾ ਖ਼ਿਲਾਫ਼ ਵੱਖ-ਵੱਖ ਧਾਰਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਮਗਰੋਂ ਪਲਵਿੰਦਰ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।