* ਦੋਹਾਂ ਧਿਰਾਂ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ
ਨਵੀਂ ਦਿੱਲੀ, 19 ਨਵੰਬਰ
ਸੁਪਰੀਮ ਕੋਰਟ ਨੇ ਸਾਬਕਾ ਜੱਜ ਰਣਜੀਤ ਸਿੰਘ ਖ਼ਿਲਾਫ਼ ਕੀਤੀ ਬਿਆਨਬਾਜ਼ੀ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਅਫ਼ਸੋਸ ਪ੍ਰਗਟ ਕਰਨ ਲਈ ਕਿਹਾ ਹੈ। ਜੱਜ ਰਣਜੀਤ ਸਿੰਘ ਨੇ ਪੰਜਾਬ ਬੇਅਦਬੀ ਤੇ ਪੁਲੀਸ ਦੀ ਗੋਲੀਬਾਰੀ ਸਬੰਧੀ ਘਟਨਾਵਾਂ ਦੀ ਜਾਂਚ ਲਈ ਬਣੀ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ। ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜਸਟਿਸ ਅਰਵਿੰਦ ਕੁਮਾਰ ਦੇ ਇਕ ਬੈਂਚ ਵੱਲੋਂ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਅਪੀਲ ’ਤੇ ਸੁਣਵਾਈ ਕੀਤੀ ਜਾ ਰਹੀ ਸੀ। ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਉਸ ਦੀ ਅਰਜ਼ੀ ਖਾਰਜ ਕੀਤੇ ਜਾਣ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਬੈਂਚ ਨੇ ਸਾਬਕਾ ਜੱਜ ਨੂੰ ਆਪਣੀ ਹਉਮੈ ਨੂੰ ਇਕ ਪਾਸੇ ਰੱਖ ਕੇ ਅੱਗੇ ਵਧਣ ਦੀ ਗੱਲ ਆਖਦਿਆਂ ਦੋਹਾਂ ਧਿਰਾਂ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ। ਬੈਂਚ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਉਸ ਵੇਲੇ ਪੰਜਾਬ ਦੇ ਉਪ ਮੁੱਖ ਮੰਤਰੀ ਸਨ ਅਤੇ ਅਫ਼ਸੋਸ ਜ਼ਾਹਿਰ ਕਰਨ ਨਾਲ ਉਨ੍ਹਾਂ ਦਾ ਅਕਸ ਹੋਰ ਵਧੇਗਾ। ਬੈਂਚ ਨੇ ਬਾਦਲ ਤੇ ਮਜੀਠੀਆ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪੁਨੀਤ ਬਾਲੀ ਨੂੰ ਕਿਹਾ, ‘‘ਤੁਸੀਂ ਪੰਜਾਬ ਦੇ ਉਪ ਮੁੱਖ ਮੰਤਰੀ ਸੀ ਅਤੇ ਉਹ ਇਕ ਸਾਬਕਾ ਜੱਜ ਹੈ। ਤੁਹਾਡੇ ਦੋਹਾਂ ਦੇ ਜਨਤਕ ਜੀਵਨ ਵਿੱਚ ਉੱਚੇ ਸਥਾਨ ਹਨ। ਤੁਹਾਡੇ ਵੱਲੋਂ ਕੀਤੀ ਗਈ ਬਿਆਨਬਾਜ਼ੀ ’ਤੇ ਇਕ ਨਜ਼ਰ ਮਾਰੋ। ਇਹ ਚੰਗਾ ਨਹੀਂ ਲੱਗਦਾ। ਅੱਗੇ ਇੱਕੋ-ਇੱਕ ਰਾਹ ਬੱਚਦਾ ਹੈ ਕਿ ਤੁਹਾਨੂੰ ਅਫ਼ਸੋਸ ਜ਼ਾਹਿਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਮਨਾਓ।’’ ਇਸ ’ਤੇ ਬਾਲੀ ਤੇ ਨਾਲ ਦੇ ਵਕੀਲ ਨਿਸ਼ਾਂਤ ਬਿਸ਼ਨੋਈ ਨੇ ਬੈਂਚ ਨੂੰ ਕਿਹਾ ਕਿ ਉਹ ਸਮਝਦੇ ਹਨ ਕਿ ਅਦਾਲਤ ਕੀ ਕਹਿਣਾ ਚਾਹੁੰਦੀ ਹੈ। ਉਨ੍ਹਾਂ ਆਪਣੇ ਮੁਵੱਕਿਲਾਂ ਤੱਕ ਸੁਨੇਹਾ ਪਹੁੰਚਾਉਣ ਲਈ ਕੁਝ ਸਮਾਂ ਮੰਗਿਆ। ਬੈਂਚ ਨੇ ਸਾਬਕਾ ਜੱਜ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨਿਦੇਸ਼ ਗੁਪਤਾ ਨੂੰ ਵੀ ਅਦਾਲਤ ਦਾ ਨਜ਼ਰੀਆ ਸਾਬਕਾ ਜੱਜ ਤੱਕ ਪਹੁੰਚਾਉਣ ਲਈ ਕਿਹਾ। ਬੈਂਚ ਨੇ ਕਿਹਾ, ‘‘ਅਸੀਂ ਤੁਹਾਨੂੰ ਸਿਰਫ਼ ਐਨਾ ਹੀ ਕਹਿਣਾ ਚਾਹਾਂਗੇ ਕਿ ਜਿੰਨਾ ਉੱਪਰ ਜਾਓਗੇ, ਤੁਹਾਡੀ ਹਉਮੈ ਓਨੀ ਹੀ ਵਧੇਗੀ। ਤੁਹਾਨੂੰ ਆਪਣੀ ਹਉਮੈ ਨੂੰ ਇਕ ਪਾਸੇ ਰੱਖਣਾ ਹੋਵੇਗਾ।’’ -ਪੀਟੀਆਈ