ਪੱਤਰ ਪ੍ਰੇਰਕ
ਸ਼ੇਰਪੁਰ, 17 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਥਕ ਧਿਰਾਂ, ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਸਾਂਝੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਤਾ ਕੇ 33 ਸਾਲ ਪੁਰਾਣਾ ਇਤਿਹਾਸ ਦੁਹਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਲੋਕਾਂ ਨੇ 1989 ਵਿੱਚ ਜੇਲ੍ਹ ’ਚ ਬੰਦ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਰਿਹਾਈ ਲਈ ਚੋਣ ਦੌਰਾਨ ਤਹੱਈਆ ਕੀਤਾ ਸੀ ਉਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਤਿਹਾਸ ਦੁਹਰਾਉਣ ਦੀ ਲੋੜ ਹੈ।
ਉਹ ਬੀਬੀ ਰਾਜੋਆਣਾ ਦੇ ਹੱਕ ਵਿੱਚ ਬਲਾਕ ਸ਼ੇਰਪੁਰ ਦੇ ਪਿੰਡ ਬਾਲੀਆਂ ਅਤੇ ਰੰਗੀਆਂ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਦੋਂ ਪੰਥਕ ਧਿਰਾਂ ਅਤੇ ਸੰਤ ਸਮਾਜ ਨੇ ਬੀਬਾ ਰਾਜੋਆਣਾ ਦੀ ਹਮਾਇਤ ਕੀਤੀ ਹੈ ਉਥੇ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਚੋਣ ਲੜ ਕੇ ਪੰਥਕ ਏਕੇ ਨੂੰ ਖੋਰਾ ਲਾ ਰਹੇ ਹਨ। ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਜੇਕਰ ਸ੍ਰੀ ਮਾਨ ਇਸ ਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਚੋਣ ਮੈਦਾਨ ਵਿੱਚੋਂ ਹਟ ਜਾਣ ਤਾਂ 2024 ’ਚ ਲੋਕ ਸਭਾ ਚੋਣਾਂ ਵਿੱਚ ਚੋਣ ਲੜਨ ਅਕਾਲੀ ਦਲ ਉਨ੍ਹਾਂ ਦੀ ਹਮਾਇਤ ਕਰੇਗਾ। ਮੁੱਖ ਮੰਤਰੀ ਦੇ ਹਲਕੇ ਵਿੱਚ ਭਗਵੰਤ ਮਾਨ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕੋਈ ਕੰਮ ਤਾਂ ਕੀ ਕਰਨਾ ਸੀ ਸਗੋਂ ਚੋਣ ਜਿੱਤਣ ਮਗਰੋਂ ਆਪਣੇ ਹਲਕੇ ਦੇ ਲੋਕਾਂ ਧੰਨਵਾਦ ਵੀ ਨਹੀਂ ਕੀਤਾ।