ਦਵਿੰਦਰ ਪਾਲ
ਚੰਡੀਗੜ੍ਹ, 24 ਸਤਬੰਰ
ਮੁੱਖ ਅੰਸ਼
- ਸਿੱਧੂ ਨੂੰ ਆਪਣੇ ’ਤੇ ਭਾਰੂ ਨਾ ਪੈਣ ਦੇਣ ਚੰਨੀ: ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿੱਚ ਸੱਤਾ ਦੇ ਬਦਲੇ ਸਮੀਕਰਨਾਂ ਦੇ ਚੱਲਦਿਆਂ ਸਰਕਾਰ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰ ਹੋਣ ਲਈ ਤਿਆਰ ਹਨ, ਜਿਸ ਲਈ ਸਰਕਾਰ ਨੂੰ ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਤੇ ਬਦਲਾਖੋਰੀ ਦੀ ਪਿਆਸ ਜਲਦੀ ਬੁਝਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸਰਕਾਰ ਦੱਸੇ ਕਿ ਉਹ ਗ੍ਰਿਫ਼ਤਾਰ ਹੋਣ ਲਈ ਕਿੱਥੇ ਆਉਣ ਤਾਂ ਜੋ ਸਰਕਾਰ ਦਾ ਸਮਾਂ ਤੇ ਸ਼ਕਤੀ ਬਰਬਾਦ ਨਾ ਹੋਵੇ। ਸ੍ਰੀ ਬਾਦਲ ਨੇ ਕਿਹਾ ਕਿ ਇਹ ਸਰਕਾਰ ਆਪਣੀ ਅੰਦਰੂਨੀ ਖਿੱਚੋਤਾਣ ਤੇ ਨਾਲਾਇਕੀ ਨੂੰ ਬਦਲਾਖੋਰੀ ਰਾਹੀਂ ਅਤੇ ਵੱਡੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਲੁਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਕਾਲੀਆਂ ਨੂੰ ਡਰਾ ਨਹੀਂ ਸਕਦੀ ਕਿਉਂਕਿ ਅਕਾਲੀ ਪਰਿਵਾਰ ਵਿੱਚ ਜਨਮੇ ਹਰ ਵਿਅਕਤੀ ਵੱਲੋਂ ਇਨ੍ਹਾਂ ਨਾਲ ਲੜਾਈ ਲੜੀ ਜਾਂਦੀ ਹੈ। ਉਨ੍ਹਾਂ ਕਿਹਾ, ‘ਸਾਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਸਰਕਾਰ ਕੋਲ ਗਿਣਤੀ ਦੇ ਦਿਨ ਬਚੇ ਹਨ ਅਤੇ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਬਣਨੀ ਤੈਅ ਹੈ। ਇਸ ਲਈ ਉਹ ਡਰਦੇ ਹੋਏ ਹਨੇਰੇ ਵਿੱਚ ਤੀਰ ਮਾਰ ਰਹੇ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਨ ਬਦਲੇ ਅਧਿਕਾਰੀਆਂ ਨੂੰ ਇਨਾਮ ਵਜੋਂ ਤਾਕਤ ਵਾਲੀਆਂ ਪੋਸਟਾਂ ’ਤੇ ਲਾਉਣ ਦੀਆਂ ਪੇਸ਼ਕਸ਼ਾਂ ਕਰ ਰਹੀ ਹੈ। ਇਨ੍ਹਾਂ ਵਿੱਚੋਂ ਕਈ ਅਫਸਰਾਂ ਨੇ ਖ਼ੁਦ ਫੋਨ ਕਰ ਕੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ’ਤੇ ਕਿਵੇਂ ਦਬਾਅ ਪਾਇਆ ਜਾ ਰਿਹਾ ਹੈ। ਸੁਖਬੀਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਜਿਸ ਮਾਣ ਵਾਲੇ ਅਹੁਦੇ ’ਤੇ ਬੈਠੇ ਹਨ, ਉਸ ਅਨੁਸਾਰ ਵਿਹਾਰ ਕਰਨ ਅਤੇ ਇੱਕ ਗ਼ੈਰਸੰਵਿਧਾਨਕ ਸੁਪਰ ਸੀ.ਐੱਮ. ਵਜੋਂ ਵਿਚਰ ਰਹੇ ਨਵਜੋਤ ਸਿੰਘ ਸਿੱਧੂ ਨੂੰ ਆਪਣੇ ’ਤੇ ਭਾਰੂ ਨਾ ਪੈਣ ਦੇਣ। ਉਨ੍ਹਾਂ ਕਿਹਾ ਕਿ ਕਾਂਗਰਸ ਇਹ ਗੱਲ, ਕਿ ਚੰਨੀ ਮੁੱਖ ਮੰਤਰੀ ਦੇ ਅਹੁਦੇ ਲਈ ਪੰਜਵਾਂ ਵਿਕਲਪ ਸਨ, ਫੈਲਾਅ ਕੇ ਸੂਬੇ ਦੇ ਅਨੁਸੂਚਿਤ ਜਾਤੀ ਲੋਕਾਂ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ’ਤੇ ਨਾ ਸਿਰਫ ਡਿਪਟੀ ਸੀ.ਐੱਮ. ਭਾਰੂ ਪੈ ਰਹੇ ਹਨ ਬਲਕਿ ਸਰਕਾਰ ਤੋਂ ਬਾਹਰਲੇ ਲੋਕਾਂ ਨੂੰ ਵੀ ਉਨ੍ਹਾਂ ’ਤੇ ਭਾਰੂ ਪੈਣ ਦੀ ਆਗਿਆ ਦਿੱਤੀ ਜਾ ਰਹੀ ਹੈ।
ਕਾਂਗਰਸ ’ਤੇ ਫਿਰਕੂ ਵੰਡੀਆਂ ਪਾਉਣ ਦਾ ਦੋਸ਼ ਲਾਇਆ
ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਕੁਝ ਦਿਨ ਦੀਆਂ ਘਟਨਾਵਾਂ ਨੇ ਸਾਬਤ ਕੀਤਾ ਹੈ ਕਿ ਕਾਂਗਰਸ ਪਾਰਟੀ ਸੂਬੇ ਨੂੰ ਫਿਰਕੂ ਤੇ ਜਾਤੀਵਾਦੀ ਲੀਹਾਂ ’ਤੇ ਵੰਡਣਾ ਚਾਹੁੰਦੀ ਹੈ। ਇਹ ਸੂਬੇ ਵਿੱਚ ਗੁਰੂ ਸਾਹਿਬਾਨ, ਰਿਸ਼ੀਆਂ ਮੁੰਨੀਆਂ ਤੇ ਸੂਫੀ ਸੰਤਾਂ ਵੱਲੋਂ ਦਿੱਤੀ ਸਿੱਖਿਆ ਨਾਲ ਬਣੇ ਬਹੁ ਸੱਭਿਅਕ ਤੇ ਧਰਮ ਨਿਰਪੱਖ ਸਰੂਪ ਲਈ ਵੱਡਾ ਖ਼ਤਰਾ ਹੈ। ‘ਪਾੜੋ ਤੇ ਰਾਜ ਕਰੋ’ ਦਾ ਪੁਰਾਣਾ ਕਾਂਗਰਸੀ ਏਜੰਡਾ ਮੁੜ ਵਾਪਸ ਆ ਗਿਆ ਹੈ।