ਪੱਤਰ ਪ੍ਰੇਰਕ
ਲਹਿਰਾਗਾਗਾ, 14 ਜੂਨ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਇੱਥੇ ਗੌਰਵ ਕੰਪਲੈਕਸ ’ਚ ਸੱਦੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਲਈ ਅਕਾਲੀ ਦਲ ਨੂੰ ਕੋਈ ਉਮੀਦਵਾਰ ਨਹੀਂ ਲੱਭਿਆ ਤਾਂ ਬੀਬੀ ਕਮਲਦੀਪ ਕੌਰ ਨੂੰ ਮਜਬੂਰਨ ਖੜ੍ਹਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਦਲ ਵਾਰ-ਵਾਰ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਗੱਲਾਂ ਕਰਦੇ ਹਨ ਕਿ ਕਮਲਜੀਤ ਕੌਰ ਸੰਸਦ ਵਿੱਚ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲ ਕਰੇਗੀ ਪਰ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਵੀ ਸੰਸਦ ਮੈਂਬਰ ਹਨ ਉਹ ਉੱਥੇ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਕੇ ਉਨ੍ਹਾਂ ਨੂੰ ਰਿਹਾਅ ਕਿਉਂ ਨਹੀਂ ਕਰਵਾਉਂਦੇ। ਉਹ ਸਿਰਫ ਆਪਣੀ ਸਾਖ ਬਚਾਉਣ ਲਈ ਹੀ ਤਰਲੋਮੱਛੀ ਹੋ ਰਹੇ ਹਨ। ਅਕਾਲੀ, ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਚੋਣ ਜਿੱਤ ਰਹੇ ਹਨ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੀ ਲੀਡ ਘਟਾਉਣ ਲਈ ਹੀ ਅਜਿਹੇ ਗਲਤ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸੰਗਰੂਰ ਦਾ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਸੇਵਾ ਕਰ ਰਿਹਾ ਹੈ। ਹੁਣ ਫਿਰ ਸੰਗਰੂਰ ਦਾ ਗੁਰਮੇਲ ਸਿੰਘ ਘਰਾਚੋਂ ਸੰਸਦ ਮੈਂਬਰ ਬਣ ਕੇ ਜ਼ਿਲ੍ਹਾ ਸੰਗਰੂਰ ਸਮੇਤ ਪੰਜਾਬ ਦੇ ਮੁੱਦੇ ਪਹਿਲ ਦੇ ਆਧਾਰ ’ਤੇ ਚੁੱਕੇਗਾ।
ਇਸ ਮੌਕੇ ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਤੋਂ ਇਲਾਵਾ ਕਈ ਹਲਕਾ ਵਿਧਾਇਕ, ਪਾਰਟੀ ਵਰਕਰ ਅਤੇ ਆਗੂ ਮੌਜੂਦ ਸਨ।