ਪੱਤਰ ਪ੍ਰੇਰਕ
ਮਾਨਸਾ, 31 ਅਗਸਤ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਬੇਅਦਬੀ ਮਾਮਲੇ ’ਤੇ ਸਾਲ ਪਹਿਲਾਂ ਜਿਵੇਂ ਕਾਂਗਰਸ ਪਾਰਟੀ ਡਰਾਮਾ ਕਰ ਰਹੀ ਸੀ, ਉਸੇ ਤਰ੍ਹਾਂ ਹੁਣ ‘ਆਪ’ ਸਰਕਰ ਵੀ ਡਰਾਮਾ ਹੀ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ਸਬੰਧੀ ਬਣਾਈ ਗਈ ‘ਸਿਟ’ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਸੇ ‘ਸਿੱਟ’ ਦੇ ਅਧਿਕਾਰੀਆਂ ਤੋਂ ਨਹੀਂ ਡਰਦੇ, ਸਗੋਂ ਉਨ੍ਹਾਂ ਨੇ ਅਫ਼ਸਰਾਂ ਨੂੰ ਖ਼ੁਦ ਫੋਨ ਕਰਕੇ ਕਿਹਾ ਹੈ ਕਿ ਉਹ ਵਿਦੇਸ਼ ਤੋਂ ਵਾਪਸ ਆ ਗਏ ਹਨ ਤੇ ਜਦੋਂ ਮਰਜ਼ੀ ਉਨ੍ਹਾਂ ਨੂੰ ਸੰਮਨ ਭੇਜਿਆ ਜਾ ਸਕਦਾ ਹੈ। ‘ਆਪ’ ਸਰਕਾਰ ’ਤੇ ਪੰਜਾਬ ਵਾਸੀਆਂ ਨਾਲ ਧੱਕਾ ਕਰਨ ਦਾ ਦੋਸ਼ ਲਾਉਂਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਸਰਕਾਰ ਨੇ ਐਕਸਾਈਜ਼ ਪਾਲਿਸੀ ਵਿੱਚ ਸੂਬੇ ਨੂੰ ਵੱਡੇ ਪੱਧਰ ’ਤੇ ਚੂਨਾ ਲਾਇਆ ਹੈ ਤੇ ਇਸ ਨੀਤੀ ਤਹਿਤ ਇੱਕੋ ਵਿਅਕਤੀ ਹਵਾਲੇ ਪੂਰੇ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਨਾਲ ਪਹਿਲਾਂ ਦਿੱਲੀ ਵਿੱਚ ਵੱਡੇ ਘੁਟਾਲੇ ਹੋਏ ਹਨ ਤੇ ਹੁਣ ਉਸੇ ਟੀਮ ਨੇ ਪੰਜਾਬ ਦੀ ਐਕਸਾਈਜ਼ ਪਾਲਿਸੀ ਬਣਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿੱਚ ਇਸ ਪਾਲਿਸੀ ਦੀ ਸ਼ਿਕਾਇਤ ਹੋਈ ਤਾਂ ਸਰਕਾਰ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ, ਪਰ ਪੰਜਾਬ ਵਿੱਚ ਇਹ ਨੀਤੀ ਜਿਉਂ ਦੀ ਤਿਉਂ ਲਾਗੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਸੱਤਾ ਵਿੱਚ ਆਉਣ ਮਗਰੋਂ ਲਗਾਤਾਰ ਸੂਬੇ ਵਿੱਚ ਲੁੱਟ-ਖੋਹ, ਕਤਲ ਤੇ ਡਕੈਤੀਆਂ ਵਰਗੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਪਰ ਸਰਕਾਰ ਇਨ੍ਹਾਂ ’ਤੇ ਕਾਬੂ ਪਾਉਣ ਤੋਂ ਅਸਮਰੱਥ ਹੈ।