ਮਹਿੰਦਰ ਸਿੰਘ ਰੱਤੀਆਂ/ਪੁਨੀਤ ਮੈਨਨ
ਮੋਗਾ/ਧਨੌਲਾ, 22 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਮ ਲੋਕਾਂ ਦਾ ਦਿਲ ਜਿੱਤਣ ਲਈ ਸੈਲਫੀ ਮੁਹਿੰਮ ਆਰੰਭੀ ਹੈ। ਸਮੇਂ ਦੀ ਨਬਜ਼ ਪਛਾਣਦਿਆਂ ਦੁਪਹਿਰ ਵੇਲੇ ਉਹ ਧਨੌਲਾ ਦੇ ਇੱਕ ਹੋਟਲ ਵਿੱਚ ਖਾਣਾ ਖਾਣ ਰੁਕੇ ਤਾਂ ਸੈਂਕੜੇ ਬੱਚਿਆਂ, ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਪਿਆਰ ਨਾਲ ਗਲਵਕੜੀ ਪਾਉਂਦਿਆਂ ਉਨ੍ਹਾਂ ਯਾਦਗਾਰੀ ਤਸਵੀਰਾਂ ਤੇ ਸੈਲਫ਼ੀਆਂ ਲਈਆਂ। ਇਸ ਦੌਰਾਨ ਸ੍ਰੀ ਬਾਦਲ ਨੇ ਕੋਈ ਸਿਆਸੀ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਅਤੇ ਉੱਥੇ ਪਹੁੰਚੇ ਲੋਕਾਂ ਨਾਲ ਤਸਵੀਰਾਂ ਖਿਚਵਾਈਆਂ ਤੇ ਖਾਣਾ ਖਾਧਾ।
ਸੂਬੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 100 ਦਿਨ ਦੀ ਯਾਤਰਾ ’ਤੇ ਨਿਕਲੇ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਅਕਾਲੀ ਆਗੂਆਂ ਨਾਲ ਬੈਠਕਾਂ ਅਤੇ ਮੁੱਢਲੀਆਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਸੂਬੇ ਦੇ ਹਰ ਆਮ-ਖਾਸ ਨਾਲ ਦਿਲ ਖੋਲ੍ਹ ਕੇ ਸੈਲਫ਼ੀਆਂ ਅਤੇ ਜੱਫੀਆਂ ਪਾ-ਪਾ ਕੇ ਫੋਟੋਆਂ ਖਿਚਵਾਈਆਂ ਜਾ ਰਹੀਆਂ ਹਨ। ਸੁਖਬੀਰ ਬਾਦਲ ਵੱਲੋਂ ਖਿਚਵਾਈਆਂ ਜਾ ਰਹੀਆਂ ਤਸਵੀਰਾਂ ਦਾ ਕਾਰਨ ਇਹ ਨਹੀਂ ਉਨ੍ਹਾਂ ਨੂੰ ਅਚਾਨਕ ਸੂਬੇ ਵਾਸੀਆਂ ਨਾਲ ਮੋਹ ਜਾਗਿਆ ਹੈ, ਬਲਕਿ ਉਹ ਆਪਣੇ ਪਿਤਾ ਅਤੇ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਤੋਂ ਵਿਰਸੇ ’ਚ ਮਿਲੇ ਸਿਆਸੀ ਦਾਅ-ਪੇਚਾਂ ਦੀ ਵਰਤੋਂ ਕਰਦਿਆਂ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਰੀਬ 50 ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।