ਲਾਜਵੰਤ ਸਿੰਘ
ਨਵਾਂਸ਼ਹਿਰ, 16 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਨਵਾਂਸ਼ਹਿਰ ਫੇਰੀ ਦੌਰਾਨ ਕਿਸਾਨਾਂ ਨਾਲ ਗੱਲ ਕਰਨ ਤੋਂ ਪਾਸਾ ਵੱਟਦੇ ਹੋਏ ਸ਼ਹਿਰ ਵਿਚ ਪੈਦਲ ਮਾਰਚ ਕੀਤਾ ਅਤੇ ਸੈਲਫੀਆਂ ਲਈਆਂ। ਇਸ ਤੋਂ ਪਹਿਲਾਂ ਉਨ੍ਹਾਂ ਸਥਾਨਕ ਬਲੂ ਮੂਨ ਰਿਜ਼ੌਰਟ ’ਚ ਅਕਾਲੀ ਦਲ ਤੇ ਬਸਪਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਸਾਢੇ ਚਾਰ ਸਾਲ ਦੇ ਰਾਜ ਦੌਰਾਨ ਕਿਸੇ ਵਰਗ ਨੂੰ ਕੋਈ ਲਾਭ ਨਹੀਂ ਪਹੁੰਚਿਆ। ਅੱਜ ਲੋਕਾਂ ਦਾ ਧਿਆਨ ਵੰਡਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਐਲਾਨ ’ਤੇ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੇ ਪਿਛਲੇ ਕਾਰਜਕਾਲ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਲੋਕ ਪਹਿਲਾਂ ਵੀ ਇਸੇ ਪਾਰਟੀ ਵਿਚ ਮੌਜੂਦ ਸਨ। ਨਵਾਂਸ਼ਹਿਰ ਦੇ ਮੌਜੂਦਾ ਵਿਧਾਇਕ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਵੀ ਵੱਡਾ ਰੇਤ ਮਾਫੀਆ ਹੈ। ਉਨ੍ਹਾਂ ਨੇ ਅਕਾਲੀ ਦਲ ਅਤੇ ਬਸਪਾ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਹੁਣ ਸਮਾਂ ਤਕੜੇ ਹੋ ਕੇ ਕੰਮ ਕਰਨ ਦਾ ਆ ਗਿਆ ਹੈ ਕਿਉਂਕਿ ਆਪਣੀ ਸਰਕਾਰ ਬਣਨ ’ਚ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ।
ਇਸ ਉਪਰੰਤ ਸ੍ਰੀ ਬਾਦਲ ਨੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹਿਰ ਵਿਚ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਸੈਲਫੀਆਂ ਲਈਆਂ। ਉਨ੍ਹਾਂ ਇਕ ਦੁਕਾਨ ਦੇ ਬਾਹਰ ਸਟਾਲ ’ਤੇ ਗੋਲ ਗੱਪੇ ਵੀ ਖਾਧੇ। ਇਸ ਮੌਕੇ ਉਨ੍ਹਾਂ ਨਾਲ ਡਾ. ਨਛੱਤਰਪਾਲ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ, ਸ਼ੰਕਰ ਦੁੱਗਲ, ਡਾ. ਹਰਮੇਸ਼ ਪੂਰੀ ਤੇ ਪਰਮ ਸਿੰਘ ਖਾਲਸਾ ਆਦਿ ਵੀ ਮੌਜੂਦ ਸਨ।
ਪ੍ਰਸ਼ਾਸਨ ਨੇ ਕਿਸਾਨਾਂ ਦੀ ਸੁਖਬੀਰ ਬਾਦਲ ਨਾਲ ਨਾ ਕਰਵਾਈ ਗੱਲਬਾਤ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸੁਖਬੀਰ ਬਾਦਲ ਦੀ ਪ੍ਰਸ਼ਾਸਨ ਨੇ ਗੱਲਬਾਤ ਕਰਨ ਦੇ ਵਾਅਦੇ ਨੂੰ ਨਾ ਪੂਰਾ ਕਰਦੇ ਹੋਏ ਵੱਖ-ਵੱਖ ਰਸਤਿਆਂ ਰਾਹੀਂ ਲੰਘਾਉਣਾ ਹੀ ਬਿਹਤਰ ਸਮਝਿਆ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ।