ਟੋਨੀ ਛਾਬੜਾ/ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 14 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੋਂ ਦੀ ਅਨਾਜ ਮੰਡੀ ਵਿੱਚ ‘ਪੰਜਾਬ ਮੰਗਦਾ ਜਵਾਬ’ ਮੁਹਿੰਮ ਤਹਿਤ ਹੋਈ ਰੈਲੀ ਦੌਰਾਨ ਖੁਦ ਨੂੰ ਜਲਾਲਾਬਾਦ ਤੋਂ ਪਾਰਟੀ ਦਾ ਪਹਿਲਾ ਉਮੀਦਵਾਰ ਐਲਾਨਦਿਆਂ ਚੋਣ ਬਿਗਲ ਵਜਾ ਦਿੱਤਾ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਕਰਨ ਦੀ ਜਗ੍ਹਾ ਆਪਣੇ ਚਹੇਤੇ ਮੰਤਰੀਆਂ ਨੂੰ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਹੈ, ਜਿਸ ਕਾਰਨ ਪੰਜਾਬ ਦੀ ਜਨਤਾ ਕਾਂਗਰਸ ਤੋਂ ਪੂਰੀ ਤਰ੍ਹਾਂ ਤੰਗ ਆਈ ਹੋਈ ਹੈ।
ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ। ਉਨ੍ਹਾਂ ਕਿਹਾ ਕਿ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਸਿਰਫ 11 ਵਾਰ ਹੀ ਆਪਣੇ ਦਫਤਰ ਗਏ ਹਨ। ਜਿਹੜੇ ਮੁੱਖ ਮੰਤਰੀ ਨੂੰ ਆਪਣੇ ਕੰਮ ਪ੍ਰਤੀ ਪਿਆਰ ਨਹੀਂ, ਉਹ ਪੰਜਾਬ ਦੇ ਵਿਕਾਸ ਲਈ ਕਿੰਨਾ ਕੁ ਸੋਚ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕੰਮ ਨੂੰ ਪਹਿਲ ਨਾ ਦੇ ਕੇ ਪੰਜਾਬ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਰੈਲੀ ਦੇ ਅੰਤ ਵਿੱਚ ਸੁਖਬੀਰ ਨੇ ਖੁਦ ਨੂੰ ਜਲਾਲਾਬਾਦ ਤੋਂ ਵਿਧਾਨ ਸਭਾ ਉਮੀਦਵਾਰ ਐਲਾਨ ਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ।
ਸੁਖਬੀਰ ’ਤੇ ਪਾਰਲੀਮਾਨੀ ਬੋਰਡ ਦੀ ਰਵਾਇਤ ਅੱਖੋਂ ਪਰੋਖੇ ਕਰਨ ’ਤੇ ਉੱਠੇ ਸਵਾਲ
ਪਟਿਆਲਾ (ਰਵੇਲ ਸਿੰਘ ਭਿੰਡਰ ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਪਾਰਲੀਮਾਨੀ ਬੋਰਡ ਦੀ ਰਵਾਇਤ ਨੂੰ ਅੱਖੋਂ ਪਰੋਖੇ ਕਰ ਕੇ ਖੁਦ ਨੂੰ ਵਿਧਾਨ ਸਭਾ ਚੋਣ ਪਿੜ ਲਈ ਪਾਰਟੀ ਦਾ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ। ਕੁਝ ਦਹਾਕੇ ਪਹਿਲਾਂ ਪਾਰਟੀ ਵਿੱਚ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਚੋਣ ਕਰਨ ਲਈ ਪਾਰਲੀਮਾਨੀ ਬੋਰਡ ਬਣਾਇਆ ਜਾਂਦਾ ਸੀ। ਚੋਣ ਲੜਨ ਦੇ ਚਾਹਵਾਨ ਇਸ ਬੋਰਡ ਕੋਲ ਅਰਜ਼ੀਆਂ ਦਿੰਦੇ ਸਨ। ਅਹਿਮ ਗੱਲ ਇਹ ਸੀ ਕਿ ਇਨ੍ਹਾਂ ਦਰਖ਼ਾਸਤਾਂ ’ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਲਿਖਤੀ ਸਹਿਮਤੀ ਲੈਣੀ ਵੀ ਜ਼ਰੂਰੀ ਹੁੰਦੀ ਸੀ। ਅਜਿਹੀਆਂ ਦਰਖਾਸਤਾਂ ’ਤੇ ਪਾਰਲੀਮਾਨੀ ਬੋਰਡ ਵੱਲੋਂ ਅਹਿਮ ਬੈਠਕਾਂ ’ਚ ਗੰਭੀਰਤਾ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਸੀ। ਪਾਰਟੀ ਪ੍ਰਧਾਨ ਦੀ ਟਿਕਟ ਲਈ ਵੀ ਬੋਰਡ ਹੀ ਫੈਸਲਾ ਲੈਂਦਾ ਸੀ। ਸਿੱਖ ਵਿਦਵਾਨ ਹਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਜਦੋਂ ਤੋਂ ਸਿਆਸੀ ਤਾਕਤ ਬਾਦਲ ਪਰਿਵਾਰ ਦੇ ਹੱਥਾਂ ’ਚ ਕੇਂਦਰਿਤ ਹੋਈ ਹੈ, ਉਦੋਂ ਤੋਂ ਹੀ ਪਾਰਲੀਮਾਨੀ ਬੋਰਡ ਦੀ ਸ਼ਾਨਾਂਮੱਤੀ ਰਵਾਇਤ ਖੂੰਜੇ ਲਾ ਦਿੱਤੀ ਗਈ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਹਰ ਫੈਸਲੇ ਲਈ ਸਮਰੱਥ ਹੁੰਦਾ ਹੈ। ਅਕਾਲੀ ਇਤਿਹਾਸ ਵਿੱਚ ਪਾਰਲੀਮਾਨੀ ਬੋਰਡ ਦੀ ਚੰਗੀ ਰਵਾਇਤ ਰਹੀ ਹੈ। ਅਜਿਹਾ ਬੋਰਡ ਬਣਾਉਣ ਦੀ ਸੰਭਾਵਨਾ ਹਾਲੇ ਵੀ ਬਰਕਰਾਰ ਹੈ।