ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿਚ ਲਾਇਆ ਧਰਨਾ ਉਸੇ ਤਰ੍ਹਾਂ ਦਾ ਇਕ ਸਵਾਂਗ ਹੈ, ਜਿਸ ਤਰ੍ਹਾਂ ਡੇਰਾ ਮੁਖੀ ਨੇ ਰਚਿਆ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਧਰਨੇ ’ਤੇ ਅੱਜ ਉਹੀ ਬੰਦੇ ਬੈਠੇ ਹਨ ਜਿਨ੍ਹਾਂ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਕੇ ਸ਼ਰੇਆਮ ਪੋਸਟਰ ਲਾਏ ਗਏ ਸਨ ਅਤੇ ਜਿਨ੍ਹਾਂ ਦੀ ਸਰਕਾਰ ਨੇ ਡੇਰਾ ਮੁਖੀ ਖ਼ਿਲਾਫ਼ ਦਰਜ ਕੀਤਾ ਕੇਸ ਵਾਪਸ ਲਿਆ ਸੀ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਦੱਸਣ ਲੋਕਾਂ ਨੂੰ ਕਿ ਕੀ ਉਕਤ ਘਟਨਾਵਾਂ ਸਮੇਂ ਉਹ ਸੂਬੇ ਦੇ ਉਪ ਮੁੱਖ ਮੰਤਰੀ ਸਨ ਜਾਂ ਨਹੀਂ। ਸ੍ਰੀ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਹੀ ਸਲਾਬਤਪੁਰਾ ਵਿਚ ਡੇਰਾ ਮੁਖੀ ਨੇ ਪੂਰੇ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਅਕਾਲੀ ਦਲ ਦੀ ਹੀ ਅਖੌਤੀ ਪੰਥਕ ਸਰਕਾਰ ਨੇ 2012 ਵਿਚ ਡੇਰਾ ਮੁਖੀ ਖਿਲਾਫ ਕੇਸ ਵਾਪਿਸ ਲੈ ਲਿਆ ਸੀ। ਫਿਰ ਜਦ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਤਾਂ ਮੁਲਜ਼ਮਾਂ ਨੂੰ ਲੱਭ ਕੇ ਕਾਰਵਾਈ ਕਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਰਕਾਰ ਨੇ ਸਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੀ ਸੰਗਤ ’ਤੇ ਗੋਲੀਆਂ ਚਲਾਈਆਂ ਸਨ। ਜਾਖੜ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਏਜੰਸੀਆਂ ਤਾਂ ਬੇਅਦਬੀ ਅਤੇ ਗੋਲੀਕਾਂਡ ਨਾਲ ਜੁੜੇ ਬਹੁਤ ਸਾਰੇ ਕੇਸਾਂ ਨੂੰ ਹੱਲ ਕਰਨ ਦੇ ਨੇੜੇ ਪੁੱਜ ਗਈਆਂ ਹਨ ਪਰ ਅੱਜ ਵੀ ਅਕਾਲੀ ਦਲ ਹੀ ਸੀਬੀਆਈ ਰਾਹੀਂ ਉਕਤ ਕੇਸਾਂ ਦੀ ਜਾਂਚ ਵਿੱਚ ਅੜਿੱਕੇ ਪਾ ਰਿਹਾ ਹੈ।