ਵਿੰਦਰ ਪਾਲ/ਮਨੋਜ ਸ਼ਰਮਾ/ਗੁਰਵਿੰਦਰ ਸਿੰਘ
ਚੰਡੀਗੜ੍ਹ/ਬਠਿੰਡਾ/ਰਾਮਪੁਰਾ ਫੂਲ, 4 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਨਾਰਾਜ਼ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ ਹਲਕੇ ਤੋਂ ਹੀ ਚੋਣ ਲੜਨ ਲਈ ਰਾਜ਼ੀ ਕਰ ਲਿਆ ਹੈ। ਪਾਰਟੀ ਦੇ ਪ੍ਰਧਾਨ ਨੇ ਅੱਜ ਚੰਡੀਗੜ੍ਹ ਦੇ ਨਜ਼ਦੀਕ ਮਲੂਕਾ ਦੇ ਗ੍ਰਹਿ ਵਿੱਚ ਮੀਟਿੰਗ ਕੀਤੀ। ਮੀਟਿੰਗ ਮਗਰੋਂ ਸੁਖਬੀਰ ਨੇ ਐਲਾਨ ਕੀਤਾ ਕਿ ਮਲੂਕਾ ਰਾਮਪੁਰਾ ਹਲਕੇ ਤੋਂ ਹੀ ਚੋਣ ਲੜਨਗੇ। ਉਨ੍ਹਾਂ ਮਲੂਕਾ ਦੇ ਬੇਟੇ ਅਤੇ ਨਾਰਾਜ਼ ਅਕਾਲੀ ਆਗੂ ਦੇ ਨਜ਼ਦੀਕੀਆਂ ਨੂੰ ਪਾਰਟੀ ਵਿੱਚ ਅਹੁਦੇਦਾਰੀਆਂ ਵੀ ਦਿੱਤੀਆਂ। ਇਸ ਤਹਿਤ ਗੁਰਪ੍ਰੀਤ ਸਿੰਘ ਮਲੂਕਾ ਨੂੰ ਪਾਰਟੀ ਦਾ ਜਨਰਲ ਸਕੱਤਰ, ਪਾਰਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਭਾਈਰੂਪਾ ਅਤੇ ਰਾਮਪੂਰਾ ਫੂਲ ਤੋਂ ਨਰੇਸ਼ ਕੁਮਾਰ ਸੀਏ ਨੂੰ ਪਾਰਟੀ ਦੇ ਪੀਏਸੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿਕੰਦਰ ਸਿੰਘ ਮਲੂਕਾ ਨੂੰ ਜਦੋਂ ਰਾਮਪੁਰਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਸੀ ਤਾਂ ਉਨ੍ਹਾਂ ਇਸ ਹਲਕੇ ਤੋਂ ਖੁਦ ਚੋਣ ਲੜਨ ਦੀ ਥਾਂ ਆਪਣੇ ਪੁੱਤਰ ਨੂੰ ਹੀ ਚੋਣ ਲੜਾਉਣ ਦਾ ਐਲਾਨ ਕੀਤਾ ਸੀ। ਇਹ ਨਾਰਾਜ਼ ਆਗੂ ਆਪਣੇ ਲਈ ਮੌੜ ਮੰਡੀ ਅਤੇ ਪੁੱਤਰ ਲਈ ਰਾਮਪੁਰਾ ਫੂਲ ਹਲਕੇ ਤੋਂ ਟਿਕਟ ਲਈ ਦਾਅਵੇਦਾਰੀ ਠੋਕ ਰਿਹਾ ਸੀ ਪਰ ਪਾਰਟੀ ਨੇ ਰਾਮਪੁਰਾ ਫੂਲ ਤੋਂ ਹੀ ਟਿਕਟ ਦਿੱਤੀ ਸੀ। ਮੌੜ ਤੋਂ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਕੁੱਝ ਦਿਨ ਪਹਿਲਾਂ ਜਗਮੀਤ ਸਿੰਘ ਬਰਾੜ ਨੇ ਵੀ ਮਲੂਕਾ ਨਾਲ ਮੀਟਿੰਗ ਕਰ ਕੇ ਸੁਲਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।
ਪਾਰਟੀ ਦੇ ਹਿੱਤ ਨਿੱਜੀ ਹਿੱਤਾਂ ਤੋਂ ਉੱਪਰ: ਮਲੂਕਾ
ਪਾਰਟੀ ਪ੍ਰਧਾਨ ਨਾਲ ਮੀਟਿੰਗ ਮਗਰੋਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਉਹ ਪਿਛਲੇ 45 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਹਨ। ਉਹ ਅੱਜ ਜੋ ਵੀ ਹਨ, ਸਿਰਫ਼ ਪਾਰਟੀ ਸਦਕਾ ਹੀ ਹਨ। ਪਾਰਟੀ ਦੇ ਹਿੱਤ ਹਮੇਸ਼ਾ ਨਿੱਜੀ ਹਿੱਤਾਂ ਤੋਂ ਉੱਪਰ ਹੁੰਦੇ ਹਨ। ਮੌੜ ਹਲਕੇ ਦੀ ਸੰਗਤ ਦੇ ਪਿਆਰ ਅਤੇ ਭਾਵਨਾਵਾਂ ਸਦਕਾ ਹੀ ਉਨ੍ਹਾਂ ਨੇ ਉਥੋਂ ਚੋਣ ਲੜਨ ਦੀ ਇੱਛਾ ਜਤਾਈ ਸੀ ਪਰ ਉਨ੍ਹਾਂ ਨੂੰ ਪਾਰਟੀ ਦਾ ਹਰ ਫੈਸਲਾ ਖਿੜੇ ਮੱਥੇ ਪ੍ਰਵਾਨ ਹੈ।