ਦਵਿੰਦਰ ਪਾਲ
ਚੰਡੀਗੜ੍ਹ, 14 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਮੁਖੀ ਵਜੋਂ ਲਾਂਭੇ ਹੋਣ ਦੀ ਪੇਸ਼ਕਸ਼ ਨੂੰ ਪਾਰਟੀ ਦੇ ਆਗੂਆਂ ਨੇ ਰੱਦ ਕਰ ਦਿੱਤਾ। ਪਾਰਟੀ ਵੱਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਮੋਸ਼ੀ ਭਰੀ ਹਾਰ ਦਾ ਮੰਥਨ ਕਰਨ ਲਈ ਅੱਜ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਆਏ। ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਕੋਰ ਕਮੇਟੀ ਦੇ ਕੁੱਝ ਮੈਂਬਰਾਂ ਨੇ ਕਿਹਾ ਕਿ ਜੇਕਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਬੁਰੀ ਤਰ੍ਹਾਂ ਹਾਰ ਜਾਣ ਤੋਂ ਬਾਅਦ ਸਬਕ ਸਿੱਖਿਆ ਹੁੰਦਾ ਤਾਂ ਅੱਜ ਇਹ ਸਿਆਸੀ ਤਰਾਸਦੀ ਨਾ ਦੇਖਣੀ ਪੈਂਦੀ। ਪਾਰਟੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਇਸ ਸਮੇਂ ਆਗੂਆਂ ਦੀ ਤਾਂ ਭਰਮਾਰ ਹੈ ਪਰ ਕਾਡਰ ਟੁੱਟ ਚੁੱਕਾ ਹੈ।