ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਸਤੰਬਰ
ਯੂਥ ਅਕਾਲੀ ਆਗੂ ਸੁਖਮਨਪ੍ਰੀਤ ਸਿੰਘ ਉਰਫ਼ ਸੁਖਮਨ ਸੰਧੂ ਦੇ ਇਥੇ ਬੀਤੇ ਲੰਘੀ ਰਾਤ ਨੂੰ ਹੋਏ ਕਤਲ ਦੀ ਗੁੱਥੀ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਅਨੁਸਾਰ ਸ਼ਹਿਰ ਦੀ ਲਾਲ ਸਿੰਘ ਬਸਤੀ ਦੇ ਬਾਸ਼ਿੰਦੇ ਸੁਖਮਨ ਸੰਧੂ ਦੇ ਕਤਲ ਦੀ ਤਫ਼ਤੀਸ਼ ਕਰਦਿਆਂ ਸੰਜੇ ਠਾਕੁਰ ਉਰਫ਼ ਸੰਮੀ ਪੁੱਤਰ ਉਮੇਸ਼ ਕੁਮਾਰ ਵਾਸੀ ਪ੍ਰਤਾਪ ਨਗਰ ਬਠਿੰਡਾ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਸੀ। ਅੱਜ ਉਸ ਨੂੰ ਪਿੰਡ ਜੈ ਸਿੰਘ ਵਾਲਾ ਦੇ ਬੱਸ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਜਾਂਚ ’ਚ ਪਤਾ ਲੱਗਾ ਕਿ ਫਾਇਨਾਂਸ ਦਾ ਕੰਮ ਕਰਦੇ ਸੰਜੇ ਠਾਕੁਰ ਅਤੇ ਸੁਖਮਨਪ੍ਰੀਤ ਦਰਮਿਆਨ ਪੈਸੇ ਦਾ ਵਿਹਾਰ ਸੀ। ਸੁਖਮਨਪ੍ਰੀਤ ਸਿੰਘ ਨੇ ਕਰੀਬ ਤਿੰਨ ਸਾਲ ਪਹਿਲਾਂ 3 ਲੱਖ ਰੁਪਏ ਕਰਜ਼ਾ ਲਿਆ ਸੀ, ਜਿਸ ਵਿੱਚੋਂ ਇੱਕ ਲੱਖ ਦੀ ਅਦਾਇਗੀ ਕਰਨ ਲਈ ਗੱਲ ਹੋਈ ਸੀ। ਇਸ ਸਬੰਧ ’ਚ ਉਹ ਕੇਵਲ 40 ਹਜ਼ਾਰ ਰੁਪਏ ਘਰੋਂ ਲੈ ਕੇ ਸੰਜੇ ਠਾਕੁਰ ਨੂੰ ਦੇਣ ਗਿਆ ਸੀ। ਉੱਥੇ ਹੀ ਦੋਵਾਂ ਵਿਚ ਤਕਰਾਰ ਹੋ ਗਿਆ ਅਤੇ ਸੰਜੇ ਠਾਕੁਰ ਨੇ ਸੁਖਮਨ ਸੰਧੂ ਦਾ ਪਿਸਤੌਲ ਖੋਹ ਕੇ, ਉਸ ਦੇ ਸਿਰ ਵਿੱਚ ਗੋਲ਼ੀ ਮਾਰ ਦਿੱਤੀ ਅਤੇ ਮੌਕੇ ਤੋਂ ਪਿਸਤੌਲ ਅਤੇ 40 ਹਜ਼ਾਰ ਨਗਦੀ ਲੈ ਕੇ ਫ਼ਰਾਰ ਹੋ ਗਿਆ। ਸੰਜੇ ਅੱਜ ਆਪਣੀ ਪਤਨੀ ਨੂੰ ਦਿੱਲੀ ਛੱਡ ਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਉਸ ਦੀ ਸ਼ਨਾਖ਼ਤ ਕਰਵਾ ਕੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ ਪਿਸਤੌਲ ਵੀ ਬਰਾਮਦ ਹੋ ਗਿਆ। ਸ੍ਰੀ ਵਿਰਕ ਨੇ ਕਿਹਾ ਕਿ ਮੁਲਜ਼ਮ ਨੂੰ ਭਲਕੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਲੈ ਕੇ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ।