ਪਾਲ ਸਿੰਘ ਨੌਲੀ
ਜਲੰਧਰ, 20 ਮਈ
ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਕਾਂਡ ਅਤੇ ਬਹਬਿਲ ਗੋਲੀ ਕਾਂਡ ਬਾਰੇ ਬਹਿਸ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਸੁਖਪਾਲ ਸਿੰਘ ਖਹਿਰਾ ਨੇ ਬਾਦਲਾਂ ਨੂੰ ਪੰਜਾਬ ਦੇ ਲੋਕਾਂ ਨੂੰ 10 ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਦੇ ਵੀ ਨਹੀਂ ਹੋਣੀ ਸੀ, ਜੇ ਉਸ ਵੇਲੇ ਸੱਤਾ ਵਿੱਚ ਬੈਠੀ ਬਾਦਲ ਜੋੜੀ ਵੋਟਾਂ ਖਾਤਰ ਡੇਰਾ ਸਿਰਸਾ ਦੇ ਮੁਖੀ ਨਾਲ ਗੁਪਤ ਸਮਝੌਤਾ ਨਾ ਕਰਦੀ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਨਫ਼ਰਤ ਦੇ ਬੀਜ ਡੇਰਾ ਮੁਖੀ ਨੇ 11 ਮਈ, 2007 ਨੂੰ ਬੀਜੇ ਸਨ, ਜਦੋਂ ਉਸ ਨੇ ਬਠਿੰਡਾ ਦੇ ਸਲਾਬਤਪੁਰਾ ਵਿੱਚ ਗੁਰੂ ਗੋਬਿੰਦ ਸਿੰਘ ਦੀ ਪੁਸ਼ਾਕ ਵਰਗਾ ਲਬਿਾਸ ਪਹਿਨ ਕੇ ਆਪਣੇ ਸ਼ਰਧਾਲੂਆਂ ਨੂੰ ਸੰਬੋਧਨ ਕੀਤਾ ਸੀ। ਇਸ ਬਾਰੇ ਕੇਸ ਵੀ ਦਰਜ ਹੋਇਆ ਸੀ ਪਰ ਬਾਦਲਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਡੇਰਾ ਮੁਖੀ ਵਿਰੁੱਧ ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਐੱਫਆਈਆਰ ਰੱਦ ਕਰਨ ਦੀ ਆਰਜ਼ੀ ਦਾਇਰ ਕਰ ਦਿੱਤੀ। ਸ੍ਰੀ ਖਹਿਰਾ ਨੇ ਕਿਹਾ ਕਿ ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣ ਲਈ ਸੁਖਬੀਰ ਬਾਦਲ ਨੇ ਗੁਪਤ ‘ਸੌਦਾ’ ਕੀਤਾ ਸੀ, ਤਾਂ ਹੀ ਮਾਲਵੇ ਵਿੱਚੋਂ ਅਕਾਲੀ ਦਲ ਨੂੰ ਵੱਧ ਸੀਟਾਂ ਮਿਲੀਆਂ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ 2007 ਵਿੱਚ ਅਕਾਲ ਤਖ਼ਤ ਦੇ ਮੁਖੀ ਰਹੇ ਮਰਹੂਮ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ’ਤੇ ਡੇਰਾ ਮੁਖੀ ਵਿਰੁੱਧ ਜਾਰੀ ਕੀਤਾ ਹੁਕਮਨਾਮਾ ਵਾਪਸ ਲੈਣ ਤੇ ਉਸ ਨੂੰ ਮੁਆਫ਼ੀ ਦੇਣ ਦਾ ਦਬਾਅ ਬਣਾਇਆ ਸੀ।