ਪਾਲ ਸਿੰਘ ਨੌਲੀ
ਜਲੰਧਰ, 7 ਅਕਤੂਬਰ
ਪੰਥਕ ਹਲਕਿਆਂ ਵਿੱਚ ਮੰਨੇ ਜਾਂਦੇ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਨੇ ਕਾਂਗਰਸ ਵਿੱਚੋਂ ਲਿਆਂਦੇ ਆਗੂ ਨੂੰ ਉਮੀਦਵਾਰ ਬਣਾ ਕੇ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਹੈਰਾਨ ਕਰ ਦਿੱਤਾ ਹੈ। ਕਾਂਗਰਸ ਵਿੱਚ ਰਹਿੰਦਿਆਂ ਕੈਪਟਨ ਹਰਮਿੰਦਰ ਸਿੰਘ ਪੰਜਾਬ ਮਿਲਕਫੈੱਡ ਦੇ ਚੇਅਰਮੈਨ ਸਨ ਤੇ ਉਨ੍ਹਾਂ ਦਾ ਪੁੱਤਰ ਕੈਪਟਨ ਅਮਰਿੰਦਰ ਸਿੰਘ ਦਾ ਓਐੱਸਡੀ ਸੀ। ਸੁਲਤਾਨਪੁਰ ਲੋਧੀ ਤੋਂ ਅੱਧੀ ਦਰਜਨ ਦੇ ਕਰੀਬ ਅਕਾਲੀ ਆਗੂ ਟਿਕਟ ਦੇ ਚਾਹਵਾਨ ਸਨ ਅਤੇ ਉਨ੍ਹਾਂ ਇਸ ਗੱਲ ’ਤੇ ਸਹਿਮਤੀ ਬਣਾ ਲਈ ਸੀ ਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਟਿਕਟ ਮਿਲਣ ’ਤੇ ਬਾਕੀ ਆਗੂ ਉਸ ਦੀ ਹਮਾਇਤ ਕਰਨਗੇ ਪਰ ਦੂਜੀਆਂ ਪਾਰਟੀਆਂ ਵਿੱਚੋਂ ਆਏ ਆਗੂ ਨੂੰ ਸਵੀਕਾਰ ਨਹੀਂ ਕਰਨਗੇ। ਇਸੇ ਦੌਰਾਨ ਉਮੀਦਵਾਰ ਐਲਾਨੇ ਜਾਣ ਮਗਰੋਂ ਕੈਪਟਨ ਹਰਮਿੰਦਰ ਸਿੰਘ ਨੇ ਹਲਕੇ ਵਿਚ ਵੱਖ-ਵੱਖ ਸ਼ਖ਼ਸੀਅਤਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਨੂੰ ਪੰਥਕ ਹਲਕਾ ਮੰਨਿਆ ਜਾਂਦਾ ਹੈ। ਇਸ ਹਲਕੇ ਦੀ ਨੁਮਾਇੰਦਗੀ ਆਤਮਾ ਸਿੰਘ ਬੜਾ ਲੰਮਾ ਸਮਾਂ ਕਰਦੇ ਰਹੇ ਤੇ ਅਕਾਲੀ ਸਰਕਾਰਾਂ ਸਮੇਂ ਉਹ ਮੰਤਰੀ ਵੀ ਰਹੇ। ਸਿੱਖੀ ਸਿਧਾਂਤਾਂ ਤੇ ਪੰਥਕ ਸੋਚ ਨੂੰ ਪ੍ਰਣਾਏ ਆਤਮਾ ਸਿੰਘ ਨੂੰ ਪੁਰਾਣੇ ਅਕਾਲੀ ਵਰਕਰ ਅੱਜ ਵੀ ਯਾਦ ਕਰਦੇ ਹਨ। 1969 ਵਿੱਚ ਅਕਾਲੀ ਸਰਕਾਰ ਹੁੰਦਿਆਂ ਜਦੋਂ ਗੁਰੂ ਨਾਨਕ ਦੇਵ ਦਾ 500 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ ਤਾਂ ਆਤਮਾ ਸਿੰਘ ਉਦੋਂ ਅਕਾਲੀ ਵਜ਼ਾਰਤ ਵਿੱਚ ਮੰਤਰੀ ਸਨ ਤੇ ਉਨ੍ਹਾਂ ਦੀ ਸਮਾਗਮਾਂ ਵਿੱਚ ਮੋਹਰੀ ਭੂਮਿਕਾ ਰਹੀ। ਆਤਮਾ ਸਿੰਘ ਦੇ ਦੇਹਾਂਤ ਮਗਰੋਂ 1997 ਤੋਂ ਉਨ੍ਹਾਂ ਦੀ ਧੀ ਡਾ. ਉਪਿੰਦਰਜੀਤ ਕੌਰ ਇਸ ਹਲਕੇ ਦੀ ਪ੍ਰਤੀਨਿਧਤਾ ਕਰਦੇ ਰਹੇ। ਉਨ੍ਹਾਂ ਨੂੰ ਬਾਦਲ ਸਰਕਾਰ ’ਚ ਸੂਬੇ ਦੀ ਪਹਿਲੀ ਔਰਤ ਵਿੱਤ ਮੰਤਰੀ ਹੋਣ ਦਾ ਵੀ ਮਾਣ ਹਾਸਲ ਹੋਇਆ ਸੀ। ਸਾਲ 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਤੋਂ ਉਮੀਦਵਾਰ ਦੀ ਭਾਲ ਸ਼ੁਰੂ ਕੀਤੀ ਹੋਈ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ’ਚੋਂ ਸੱਜਣ ਸਿੰਘ ਚੀਮਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ ਤਾਂ ਉਦੋਂ ਇਹ ਕਿਆਸਅਰਾਈਆਂ ਲੱਗ ਰਹੀਆਂ ਸਨ ਕਿ ਅਕਾਲੀ ਦਲ ਸੱਜਣ ਸਿੰਘ ਚੀਮਾ ਨੂੰ ਉਮੀਦਵਾਰ ਬਣਾਏਗਾ ਪਰ ਉਹ ਬਹੁਤਾ ਸਮਾਂ ਪਾਰਟੀ ਵਿੱਚ ਟਿਕ ਨਹੀਂ ਸਕੇ ਤੇ ਮੁੜ ਆਮ ਆਦਮੀ ਪਾਰਟੀ ਵਿੱਚ ਪਰਤ ਗਏ। ਕਾਂਗਰਸ ਵਿੱਚੋਂ ਆਏ ਸੁਖਵਿੰਦਰ ਸਿੰਘ ਬਾਰੇ ਵੀ ਹਲਕੇ ਵਿੱਚ ਚਰਚਾ ਹੋਣ ਲੱਗੀ ਸੀ ਕਿ ਉਨ੍ਹਾਂ ਨੂੰ ਅਕਾਲੀ ਦਲ ਦੀ ਟਿਕਟ ਮਿਲ ਸਕਦੀ ਹੈ ਪਰ ਟਿਕਟ ਹਾਸਲ ਕਰਨ ’ਚ ਕੰਬੋਜ ਭਾਈਚਾਰੇ ਨਾਲ ਸਬੰਧਤ ਇਕ ਹੋਰ ਕਾਂਗਰਸੀ ਆਗੂ ਕੈਪਟਨ ਹਰਮਿੰਦਰ ਸਿੰਘ ਬਾਜ਼ੀ ਮਾਰ ਗਏ। ਸੁਲਤਾਨਪੁਰ ਹਲਕੇ ਵਿੱਚ ਕੰਬੋਜ ਭਾਈਚਾਰਾ ਵੱਡੀ ਗਿਣਤੀ ’ਚ ਹੈ।
ਟਕਸਾਲੀ ਅਕਾਲੀ ਆਗੂ ਇਸ ਗੱਲ ਤੋਂ ਹੈਰਾਨ ਹਨ ਕਿ ਜਿਸ ਦਿਨ ਕੈਪਟਨ ਹਰਮਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹਨ ਉਸੇ ਦਿਨ ਉਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ। ਪਾਰਟੀ ਵਰਕਰਾਂ ’ਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਹਲਕੇ ਦੇ ਪਾਰਟੀ ਆਗੂਆਂ ਨੂੰ ਛੱਡ ਕੇ ਜਲੰਧਰ ਸ਼ਹਿਰ ਵਿੱਚ ਰਹਿੰਦੇ ਕਾਂਗਰਸੀ ਆਗੂ ਨੂੰ ਉਮੀਦਵਾਰ ਬਣਾਉਣ ਪਿੱਛੇ ਆਖਰ ਕੀ ਮਜਬੂਰੀ ਸੀ?
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਵਾਰ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ। ਜਿਥੇ ਉਹ ਕਾਂਗਰਸ ਵਿੱਚੋਂ ਆਗੂ ਲਿਆ ਰਹੇ ਹਨ ਉਥੇ ਬਸਪਾ ਨਾਲ ਪਹਿਲਾਂ ਹੀ ਸਮਝੌਤਾ ਕਰ ਚੁੱਕੇ ਹਨ ਤੇ ਹਰ ਧਰਮ ਦੇ ਜੈਕਾਰੇ ਲਾਉਣ ਵਿੱਚ ਵੀ ਉਹ ਨਹੀਂ ਉੱਕਦੇ।
ਸ਼੍ਰੋਮਣੀ ਅਕਾਲੀ ਦਲ (ਅ) ਨੇ ਭਦੌੜ ਤੋਂ ਬਾਬਾ ਹਰਬੰਸ ਸਿੰਘ ਨੂੰ ਉਮੀਦਵਾਰ ਐਲਾਨਿਆ
ਸ਼ਹਿਣਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਦੌੜ ਵਿਧਾਨ ਸਭਾ ਹਲਕੇ ਤੋਂ ਬਾਬਾ ਹਰਬੰਸ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਉਮੀਦਵਾਰ ਐਲਾਨੇ ਜਾਣ ਮਗਰੋਂ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ। ਉਨ੍ਹਾਂ ਕਿਹਾ ਕਿ ਭਦੌੜ ਵਿਧਾਨ ਸਭਾ ਹਲਕਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਗੜ੍ਹ ਰਿਹਾ ਹੈ।