ਪਾਲ ਸਿੰਘ ਨੌਲੀ
ਜਲੰਧਰ, 28 ਜੂਨ
ਖੇਤੀ ਬਚਾਉਣ ਲਈ ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਨੂੰ ਹੁਣ ਆਪਣੀ ਮੱਕੀ ਦੀ ਫ਼ਸਲ ਬਚਾਉਣੀ ਔਖੀ ਹੋ ਰਹੀ ਹੈ। ਮੱਕੀ ਦੀ ਫ਼ਸਲ ’ਤੇ ਗੁਜਰਾਤ ਤੋਂ ਆਈ ਸੁੰਡੀ ਨੇ ਹਮਲਾ ਕੀਤਾ ਹੈ। ‘ਫਾਲ ਆਰਮੀ ਵਰਮ’ ਨਾਂ ਦੀ ਸੁੰਡੀ ਤੇਜ਼ੀ ਨਾਲ ਮੱਕੀ ਦਾ ਨੁਕਸਾਨ ਕਰ ਰਹੀ ਹੈ। ਜਲੰਧਰ ਦੇ ਪੰਜ ਪਿੰਡਾਂ ਕੁਹਾਲਾ, ਲੇਸੜੀਵਾਲ, ਸਿਕੰਦਰਪੁਰ, ਧੋਗੜੀ ਤੇ ਲੱਲੀਆਂ ਵਿੱਚ ਸੁੰਡੀ ਦੇ ਹਮਲੇ ਕਾਰਨ ਮੱਕੀ ਦੀ ਫ਼ਸਲ ਤਬਾਹ ਹੋ ਗਈ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸੁੰਡੀ ਦੋ ਕੁ ਸਾਲ ਪਹਿਲਾਂ ਗੁਜਰਾਤ ਤੇ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿੱਚ ਦਾਖ਼ਲ ਹੋਈ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਕੀੜੇ ਦੀਆਂ ਸੁੰਡੀਆਂ ਗੋਭ ਵਾਲੇ ਪੱਤੇ ਨੂੰ ਖੁਰਚ ਕੇ ਖਾਂਦੀਆਂ ਹਨ ਅਤੇ ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਵਿੱਚ ਗੋਲ ਤੋਂ ਅੰਡੇਕਾਰ ਮੋਰੀਆਂ ਬਣਾਉਂਦੀਆਂ ਹਨ। ਵੱਡੀਆਂ ਸੁੰਡੀਆਂ ਗੋਭ ਦੇ ਪੱਤੇ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੰਦੀਆਂ ਹਨ ਤੇ ਭਾਰੀ ਮਾਤਰਾ ਵਿੱਚ ਬੂਟੇ ਦੇ ਹੇਠਾਂ ਵਿੱਠਾਂ ਦੇ ਰੂਪ ਵਿੱਚ ਮਲ ਮੂਤਰ ਵੀ ਤਿਆਗਦੀਆਂ ਹਨ।
ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੁੰਡੀ ਦਾ ਪਤੰਗਾ ਇਕ ਦਿਨ ’ਚ 100 ਕਿਲੋਮੀਟਰ ਤੱਕ ਉਡਾਰੀ ਭਰਨ ਦੀ ਸਮਰੱਥਾ ਰੱਖਦਾ ਹੈ, ਜਿਸ ਕਾਰਨ ਕਿਸਾਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਇਸ ਕੀੜੇ ਦਾ ਹਮਲਾ ਮੱਕੀ ਦੀ ਫ਼ਸਲ ’ਤੇ 5 ਫ਼ੀਸਦੀ ਤੋਂ ਵਧੇਰੇ ਹੋਵੇ ਤਾਂ ਕੋਰਾਜਿਨ 18.5 ਐੱਸਸੀ 0.4 ਮਿਲੀਲਿਟਰ ਜਾਂ ਡੈਲੀਗੇਟ 11.7 ਐੱਸਸੀ 0.4 ਮਿਲੀਲਿਟਰ ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸਜੀ ਨੂੰ ਪ੍ਰਤੀ ਇੱਕ ਲਿਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਸਪਰੇਅ ਕਰਨਾ ਚਾਹੀਦਾ ਹੈ।