ਪਵਨ ਕੁਮਾਰ ਵਰਮਾ/ਹਰਦੀਪ ਸਿੰਘ ਸੋਢੀ
ਧੂਰੀ, 11 ਫਰਵਰੀ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਧੂਰੀ ਵਿੱਚ ਭਗਵੰਤ ਮਾਨ ਨੂੰ ਆਪਣਾ ਦਿਓਰ ਦੱਸਦਿਆਂ ਉਸ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਧੀ ਹਰਸ਼ਿਤਾ ਕੇਜਰੀਵਾਲ ਵੀ ਮੌਜੂਦ ਸੀ। ਕੇਜਰੀਵਾਲ ਦਾ ਪਰਿਵਾਰ ਰੇਲਗੱਡੀ ਰਾਹੀਂ ਸੰਗਰੂਰ ਰੇਲਵੇ ਸਟੇਸ਼ਨ ’ਤੇ ਪੁੱਜਾ ਤੇ ਉਹ ਸੜਕੀ ਰਸਤੇ ਧੂਰੀ ਪਹੁੰਚੇ।
ਇਥੇ ਔਰਤਾਂ ਦੀ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਤੋਂ ‘ਆਪ’ ਦੇ ਇੱਕੋ-ਇੱਕ ਸੰਸਦ ਮੈਂਬਰ ਹਨ, ਜੋ ਪਾਰਲੀਮੈਂਟ ਵਿੱਚ ਸੂਬੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮਾਨ ਅਜੇ ਤਿੰਨ ਦਿਨ ਪਹਿਲਾਂ ਵੀ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਕਿਸਾਨਾਂ ਦੇ ਮੁੱਦਿਆਂ ਉੱਪਰ ਸੰਸਦ ਵਿੱਚ ਬੋਲ ਕੇ ਆਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਿੱਚ ਪੰਜਾਬ ਲਈ ਕੁੱਝ ਚੰਗਾ ਕਰਨ ਦਾ ਜਨੂੰਨ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਸੁਪਨਾ ਹੈ ਕਿ ਹਰ ਘਰ-ਪਰਿਵਾਰ ਨੂੰ ਸਿੱਖਿਆ, ਸਿਹਤ ਸਹੂਲਤਾਂ, ਬਿਜਲੀ ਅਤੇ ਪਾਣੀ ਮੁਫਤ ਮਿਲੇ ਅਤੇ ਪਾਰਟੀ ਇਹ ਸਾਰਾ ਕੁਝ ਦਿੱਲੀ ਵਿੱਚ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਨਣ ’ਤੇ 18 ਸਾਲ ਤੋਂ ਉੱਪਰ ਦੀ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ-ਭੱਤੇ ਵਜੋਂ ਦਿੱਤੇ ਜਾਣਗੇ। ਜੇਕਰ ਇੱਕ ਘਰ ਵਿੱਚ ਇਸ ਉਮਰ ਵਰਗ ਦੀਆਂ ਤਿੰਨ ਔਰਤਾਂ ਹਨ ਤਾਂ ਇਹ ਮਾਣ-ਭੱਤਾ ਤਿੰਨ ਹਜ਼ਾਰ ਰੁਪਏ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਪਾਰਟੀ ਨੇ ਭਗਵੰਤ ਮਾਨ ਦੀ ਮਿਹਨਤ ਤੇ ਲੋਕਪ੍ਰਿਅਤਾ ਨੂੰ ਵੇਖਦਿਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਪੰਜਾਬ ਦੀ ਖੁਸ਼ਹਾਲੀ ਤਰੱਕੀ ਲਈ ਪੰਜਾਬ ਅੰਦਰ ‘ਆਪ’ਦੀ ਸਰਕਾਰ ਬਣਾਉਣ ਤਾਂ ਜੋਂ ਪੰਜਾਬ ਅੰਦਰ ਦਿੱਲੀ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਮੌਕੇ ਕੇਜਰੀਵਾਲ ਦੀ ਧੀ ਹਰਸ਼ਿਤਾ ਨੇ ਕਿਹਾ ਕਿ ‘ਆਪ’ ਲਾਰਿਆਂ ਦੀ ਥਾਂ ਗਾਰੰਟੀ ਨਾਲ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਵਾਗਡੋਰ ਭਗਵੰਤ ਮਾਨ ਦੇ ਹੱਥਾਂ ਵਿੱਚ ਦੇਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ‘ਆਪ’ ਪੰਜਾਬ ਦੇ ਲੋਕਾਂ ਦੇ ਸੁਫਨਿਆਂ ਨੂੰ ਪੂਰਾ ਕਰੇਗੀ। ਸੰਗਰੂਰ ਤੋਂ ਪਾਰਟੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਇਸ ਮੌਕੇ ਜਸਵੀਰ ਕੌਰ ਸ਼ੇਰਗਿੱਲ, ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਮਾਨ, ਭੈਣ ਮਨਪ੍ਰੀਤ ਕੌਰ ਅਤੇ ਰੈਲੀ ਦੇ ਪ੍ਰਬੰਧਕਾਂ ਵਿੱਚ ਸਤਿੰਦਰ ਸਿੰਘ ਚੱਠਾ, ਅਸ਼ੋਕ ਕੁਮਾਰ ਲੱਖਾ, ਦਲਵੀਰ ਸਿੰਘ ਢਿੱਲੋਂ, ਜਸਵੀਰ ਸਿੰਘ ਜੱਸੀ ਸੇਖੋਂ, ਰਾਜਵੰਤ ਸਿੰਘ ਘੁੱਲੀ, ਡਾ. ਅਨਵਰ ਭਸੌੜ, ਅਮਰਦੀਪ ਧਾਂਦਰਾ, ਪ੍ਰੀਤ ਧੂਰੀ, ਹਰਪ੍ਰੀਤ ਸਿੰਘ ਗਿੱਲ ਆਦਿ ਹਾਜ਼ਰ ਸਨ।
ਪਿਤਾ ਰਾਜਨੀਤੀ ’ਚ ਵਪਾਰ ਲਈ ਨਹੀਂ, ਲੋਕ ਸੇਵਾ ਲਈ ਆਏ: ਹਰਸ਼ਿਤਾ
ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਨੇ ਭਗਵੰਤ ਸਿੰਘ ਮਾਨ ਨੂੰ ਆਪਣਾ ਚਾਚਾ ਆਖਦਿਆਂ ਉਸ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਜੋਸ਼ ਅੱਗੇ ਸਾਰਾ ਕੁਝ ਫਿੱਕਾ ਲਗਦਾ ਹੈ। ਉਸ ਨੇ ਕਿਹਾ, ‘‘ਮੇਰੇ ਪਿਤਾ (ਅਰਵਿੰਦ ਕੇਜਰੀਵਾਲ) ਲਈ ਰਾਜਨੀਤੀ ਕੋਈ ਵਪਾਰ ਨਹੀਂ ਹੈ, ਬਲਕਿ ਉਹ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਏ ਹਨ।’’
‘ਆਪ’ ਵਰਕਰ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ
ਆਮ ਆਦਮੀ ਪਾਰਟੀ ਦੇ ਵਰਕਰ ਨੇ ਰੈਲੀ ਦੀ ਕਵਰੇਜ ਲਈ ਪਹੁੰਚੇ ਕੁਝ ਸਥਾਨਕ ਪੱਤਰਕਾਰਾਂ ਨਾਲ ਕਥਿਤ ਬਦਸਲੂਕੀ ਕੀਤੀ। ਪੱਤਰਕਾਰ ਭਾਈਚਾਰੇ ਨੇ ਡੀਐੱਸਪੀ ਪਰਮਿੰਦਰ ਸਿੰਘ ਨੂੰ ਮੌਕੇ ’ਤੇ ਲਿਖਤੀ ਦਰਖਾਸਤ ਦੇ ਕੇ ਸਬੰਧਤ ਵਿਅਕਤੀ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ। ਪੱਤਰਕਾਰਾਂ ‘ਆਪ’ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ। ਰੋਸ ਵਜੋਂ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਨੇ ਸਮਾਗਮ ਦਾ ਬਾਈਕਾਟ ਕੀਤਾ।