ਖੇਤਰੀ ਪ੍ਰਤੀਨਿਧ
ਬਰਨਾਲਾ, 29 ਅਕਤੂਬਰ
ਤਰਕਸ਼ੀਲ, ਮਾਨਵਵਾਦੀ ਤੇ ਵਿਗਿਆਨਕ ਸੋਚ ਨੂੰ ਪ੍ਰਣਾਈਆਂ ਧਰਮ ਨਿਰਪੱਖ ਜਥੇਬੰਦੀਆਂ ਦੀ ਕੌਮੀ ਸੰਸਥਾ ‘ਫੀਰਾ’ ਦੀ ਦੋ ਰੋਜ਼ਾ ਕੌਮੀ ਕਾਨਫਰੰਸ ਅੱਜ ਸਥਾਨਕ ਤਰਕਸ਼ੀਲ ਭਵਨ ਵਿੱਚ ਸ਼ੁਰੂ ਹੋ ਗਈ ਹੈ। ਕਾਨਫਰੰਸ ਵਿੱਚ ਉੜੀਸਾ, ਝਾਰਖੰਡ, ਕੇਰਲਾ, ਅਸਾਮ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤਿਲੰਗਾਨਾ, ਆਂਧਰਾ ਪ੍ਰਦੇਸ਼ ਤੇ ਪੰਜਾਬ ਸਮੇਤ ਕੁੱਲ 18 ਰਾਜਾਂ ਦੇ 350 ਡੈਲੀਗੇਟਾਂ ਨੇ ਸ਼ਿਰਕਤ ਕੀਤੀ। ਕਾਨਫਰੰਸ ਦਾ ਉਦਘਾਟਨ ਪੰਜਾਬੀ ਯੂਨਿਵਰਸਿਟੀ ਦੇ ਉੱਪ ਕੁਲਪਤੀ ਪ੍ਰੋ. ਅਰਵਿੰਦ ਨੇ ਕੀਤਾ। ਉਨ੍ਹਾਂ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲਤਾ ਤੇ ਵਿਗਿਆਨਕ ਸੋਚ ਦੇ ਬੁਨਿਆਦੀ ਸੰਕਲਪਾਂ ’ਤੇ ਚਰਚਾ ਕੀਤੀ। ਉਨ੍ਹਾਂ ਆਖਿਆ ਕਿ ਉਹ (ਅਸੀਂ) ਅਜੇ ਬਹੁਤ ਕੁਝ ਨਹੀਂ ਜਾਣਦੇ ਪਰ ਕੁਝ ਅਣਜਾਣਿਆ ਹੈ, ਉਸ ਨੂੰ ਦੈਵੀ ਸ਼ਕਤੀਆਂ ਦੇ ਖਾਤੇ ਨਹੀਂ ਪਾਇਆ ਜਾ ਸਕਦਾ, ਸਗੋਂ ਵਿਗਿਆਨ ਵਿਧੀ ਰਾਹੀਂ ਉਨ੍ਹਾਂ ਰਹੱਸਾਂ ਦੀ ਹੋਰ ਖੋਜ ਕਰਨ ਦੀ ਲੋੜ ਹੈ। ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਕੌਮਾਂਤਰੀ ਜਥੇਬੰਦੀ ਹਿਊਮਨਿਸਟ ਇੰਟਰਨੈਸ਼ਨਲ ਦੇ ਨੁਮਾਇੰਦੇ ਉੱਤਮ ਨਿਰੌਲਾ ਨੇਪਾਲ ਨੇ ਆਖਿਆ ਕਿ ਭਾਵੇਂ ਅੱਜ ਭਾਰਤ ਦੀ ਸਿਆਸਤ ਵਿੱਚ ਮੂਲਵਾਦੀ ਤਾਕਤਾਂ ਦਾ ਬੋਲਬਾਲਾ ਹੈ ਪਰ ਮਾਨਵਵਾਦੀ ਤੇ ਤਰਕਸ਼ੀਲ ਸੋਚ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ। ‘ਫੀਰਾ’ ਦੇ ਕੌਮੀ ਪ੍ਰਧਾਨ ਨਰੇਂਦਰ ਨਾਇਕ ਨੇ ਸਪੱਸ਼ਟ ਕੀਤਾ ਕਿ ਵਿਗਿਆਨਕ ਚੇਤਨਾ ਨਾਲ ਅੰਧਵਿਸ਼ਵਾਸ ਤੇ ਅਗਿਆਨਤਾ ਖ਼ਤਮ ਕੀਤੀ ਜਾ ਸਕੇਗੀ ਪਰ ਇਸ ਦੇ ਬੁਰੇ ਪ੍ਰਭਾਵਾਂ ਖ਼ਿਲਾਫ਼ ਲੜਨ ਦੀ ਲੋੜ ਹੈ। ਹਿਊਮਨਿਸਟ ਇੰਟਰਨੈਸ਼ਨਲ ਦੇ ਪ੍ਰਧਾਨ ਐਂਡਰਿਊ ਕੌਪਸਨ ਵੀਡੀਓ ਸੰਦੇਸ਼ ਰਾਹੀਂ ਡੈਲੀਗੇਟਾਂ ਦੇ ਰੂ-ਬ-ਰੂ ਹੋਏ। ਸੁਸਾਇਟੀ ਦੇ ਕੌਮੀ ਕੌਮਾਂਤਰੀ ਵਿਭਾਗ ਦੇ ਮੁਖੀ ਜਸਵੰਤ ਮੁਹਾਲੀ ਨੇ ਮੰਚ ਸੰਚਾਲਨ ਕੀਤਾ। ਕਾਨਫਰੰਸ ਵਿੱਚ ਏਸ਼ੀਅਨ ਰੈਸ਼ਨੇਲਿਸਟ ਸੁਸਾਇਟੀ ਆਫ ਬ੍ਰਿਟੇਨ ਦੇ ਨੁਮਾਇੰਦੇ ਨਿਰਮਲ ਸਿੰਘ ਸੰਘਾ, ਮੱਖਣ ਸਿੰਘ, ‘ਫੀਰਾ’ ਦੇ ਕੌਮੀ ਜਨਰਲ ਸਕੱਤਰ ਡਾ. ਸੁਦੇਸ਼ ਘੋੜੇਰਾਓ, ਖਜ਼ਾਨਚੀ ਹਰਚੰਦ ਸਿੰਘ ਭਿੰਡਰ, ਤਰਕਸ਼ੀਲ ਸੁਸਾਇਟੀ ਦੇ ਪੰਜਾਬ ਸੂਬਾ ਜਥੇਬੰਦਕ ਮੁਖੀ ਹੇਮ ਰਾਜ ਸਟੈਨੋ, ਡਾ. ਅਰੀਤ ਤੇ ਸੁਮੀਤ ਸਿੰਘ ਸਣੇ ਤਰਕਸ਼ੀਲ ਤੇ ਸਮਾਜਿਕ ਕਾਰਕੁਨ ਵੀ ਮੌਜੂਦ ਸਨ।