ਰਵੇਲ ਸਿੰਘ ਭਿੰਡਰ
ਪਟਿਆਲਾ, 5 ਫਰਵਰੀ
ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ ’ਚ ਹੋਈ ਕਿਸਾਨ ਟਰੈਕਟਰ ਪਰੇਡ ਦੌਰਾਨ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਡਬਿਡਬਿਾ ਦੀ ਮੌਤ ਦੀ ਨਿਆਂਇਕ ਜਾਂਚ ਦੀ ਮੰਗ ਦਾ ਸਮਰਥਨ ਕੀਤਾ ਗਿਆ ਹੈ। ਨਵਰੀਤ ਸਿੰਘ ਦੀ ਉੱਤਰ ਪ੍ਰਦੇਸ਼ ’ਚ ਹੋਏ ਭੋਗ ਸਮਾਗਮ ’ਚ ਬੀਤੇ ਦਿਨ ਵੱਖ ਵੱਖ ਸ਼ਖਸੀਅਤਾਂ ਵੱਲੋਂ ਮੌਤ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਸੀ।
ਇਸ ਨੌਜਵਾਨ ਦੀ ਟਰੈਕਟਰ ਪਰੇਡ ਦੌਰਾਨ ਭੇਤਭਰੇ ਤਰੀਕੇ ਨਾਲ ਮੌਤ ਹੋ ਗਈ ਸੀ। ਪੁਲੀਸ ਵੱਲੋਂ ਜਿੱਥੇ ਇਸ ਘਟਨਾ ਨੂੰ ਟਰੈਕਟਰ ਹਾਦਸੇ ਵਜੋਂ ਲਿਆ ਜਾ ਰਿਹਾ ਹੈ ਉਥੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਇਸ ਨੌਜਵਾਨ ਦੀ ਟਰੈਕਟਰ ਪਰੇਡ ਦੌਰਾਨ ਦੂਜੇ ਪਾਸਿਉਂ ਆਈ ਗੋਲੀ ਨਾਲ ਮੌਤ ਹੋਈ ਹੈ। ਮੀਡੀਆ ਵਲੋਂ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਗਿਆ ਕਿ ਕੀ ਨਵਰੀਤ ਸਿੰਘ ਦੀ ਮੌਤ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤਾਂ ਉਨ੍ਹਾਂ ਸਮਰਥਨ ਕਰਦਿਆਂ ਸਪਸ਼ਟ ਆਖਿਆ ਕਿ ਇਸ ਮਾਮਲੇ ਦੀ ਨਿਰਪੱਖ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਮਨਾਂ ਦੇ ਰੋਸ ਨੂੰ ਤੁਰੰਤ ਦੂਰ ਕਰਨਾ ਚਾਹੀਦਾ ਹੈ। ਇਸ ਮੌਕੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਭਗਵੰਤ ਸਿੰਘ ਧਗੇੜਾ ਤੇ ਮੈਨੇਜਰ ਕਰਨੈਲ ਸਿੰਘ ਨਾਭਾ ਮੌਜੂਦ ਸਨ।