ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਫ਼ਰਵਰੀ
ਨਗਰ ਕੌਂਸਲ ਚੋਣਾਂ ਦੌਰਾਨ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਚੋਣ ਅਮਲ ਸ਼ਾਂਤੀਪੂਰਵਕ ਮੁਕੰਮਲ ਹੋ ਗਿਆ। ਵਾਰਡ ਨੰਬਰ ਇੱਕ ਵਿੱਚ ਆਜ਼ਾਦ ਉਮੀਦਵਾਰ ਬਲਜਿੰਦਰ ਕੌਰ ਦੇ ਸਮਰਥਕਾਂ ਵੱਲੋਂ ਕਾਂਗਰਸੀ ਉਮੀਦਵਾਰ ਉੱਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ ਤੇ ਅੰਸ਼ਿਕ ਰੂਪ ਵਿੱਚ ਟਰੈਫਿਕ ਜਾਮ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤਣ ’ਤੇ ਉਨ੍ਹਾਂ ਪੁਲੀਸ ਪਾਰਟੀ ਉਤੇ ਇੱਟਾਂ ਰੋੜੇ ਚਲਾਏ।
ਇਸੇ ਤਰ੍ਹਾਂ ਵਾਰਡ ਨੰਬਰ ਅੱਠ ਵਿੱਚ ਭਾਜਪਾ ਤੋਂ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਪ੍ਰਸ਼ੋਤਮ ਸਿੰਗਲਾ ਤੇ ਕਾਂਗਰਸ ਉਮੀਦਵਾਰ ਦੇ ਸਮਰਥਕਾਂ ਨੇ ਪੋਲਿੰਗ ਬੂਥ ਕੰਪਲੈਕਸ ਵਿਚ ਇੱਕ ਦੂਜੇ ਦੀ ਕੁੱਟਮਾਰ ਕੀਤੀ। ਇਸੇ ਦੌਰਾਨ ਪ੍ਰਸ਼ੋਤਮ ਸਿੰਗਲਾ ਦਾ ਇਕ ਸਮਰਥਕ ਈਵੀਐਮ ਮਸ਼ੀਨ ਦਾ ਕੰਟਰੋਲਰ ਲੈ ਕੇ ਭੱਜ ਗਿਆ ਜਿਸ ਨੂੰ ਕਾਫ਼ੀ ਸਮੇਂ ਬਾਅਦ ਪ੍ਰਸ਼ਾਸਨ ਵੱਲੋਂ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਦੋਹਾਂ ਉਮੀਦਵਾਰਾਂ ਨੇ ਗਿਣਤੀ ਲਈ ਲਿਖਤੀ ਸਹਿਮਤੀ ਦਿੱਤੀ।
ਆਜ਼ਾਦ ਉਮੀਦਵਾਰ ਪ੍ਰਸ਼ੋਤਮ ਸਿੰਗਲਾ ਨੇ ਕਾਂਗਰਸ ਦੀ ਉਮੀਦਵਾਰ ਪ੍ਰੇਮ ਚੰਦ ਗੁਪਤਾ ’ਤੇ ਬੂਥ ਉੱਤੇ ਕਬਜ਼ਾ ਕਰਕੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲਾਏ ਜਦੋਂਕਿ ਪ੍ਰੇਮ ਗੁਪਤਾ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ। ਐਸਡੀਐਮ ਪਾਤੜਾਂ ਕਮ ਚੋਣ ਅਧਿਕਾਰੀ ਨਿਤਿਸ਼ ਸਿੰਗਲਾ ਨੇ ਵਾਰਡ ਨੰਬਰ-ਅੱਠ ਵਿੱਚੋਂ ਈਵੀਐਮ ਮਸ਼ੀਨ ਦਾ ਕੰਟਰੋਲਰ ਚੁੱਕੇ ਜਾਣ ਸਬੰਧੀ ਪ੍ਰੀਜ਼ਾਈਡਿੰਗ ਅਫਸਰ ਤੋਂ ਰਿਪੋਰਟ ਮੰਗ ਲਈ ਹੈ। ਇਸ ਤੋਂ ਪਹਿਲਾਂ ਸਵੇਰੇ ਅੱਠ ਵਜੇ ਜਿਉਂ ਹੀ ਪੋਲਿੰਗ ਦਾ ਕੰਮ ਸ਼ੁਰੂ ਹੋਇਆ ਤਾਂ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਨਜ਼ਰ ਆਇਆ ਅਤੇ ਦੇਖਦਿਆਂ ਹੀ ਦੇਖਦਿਆਂ ਠੰਡ ਅਤੇ ਧੁੰਦ ਦੇ ਬਾਵਜੂਦ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ।