ਨਵੀਂ ਦਿੱਲੀ, 18 ਅਗਸਤ ਸੁਪਰੀਮ ਕੋਰਟ ਦੇ ਕੌਲਜੀਅਮ ਨੇ ਛੇ ਵਕੀਲਾਂ ਦੀ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਕੌਲਜੀਅਮ ਨੇ 17 ਅਗਸਤ ਨੂੰ ਹੋਈ ਮੀਟਿੰਗ ਵਿੱਚ ਵਕੀਲ ਜਸਮੀਤ ਸਿੰਘ, ਅਮਿਤ ਬਾਂਸਲ, ਤਾਰਾ ਵਿਸਤਾਰ ਗੰਜੂ, ਅਨੀਸ਼ ਦਿਆਲ, ਅਮਿਤ ਸ਼ਰਮਾ ਅਤੇ ਮਿੰਨੀ ਪੁਸ਼ਕਰਨਾ ਨੂੰ ਹਾਈ ਕੋਰਟ ਦਾ ਜੱਜ ਬਣਾਉਣ ਦਾ ਸੁਝਾਅ ਦਿੱਤਾ ਸੀ। ਚੀਫ਼ ਜਸਟਿਸ ਐੱਸਏ ਬੋਬਡੇ ਦੀ ਅਗਵਾਈ ਵਾਲੀ ਕੌਲਜੀਅਮ ਨੇ ਐਡਵੋਕੇਟ ਰਾਜੇਸ਼ ਕੁਮਾਰ ਭਾਰਦਵਾਜ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜੱਜ ਬਣਾਉਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ। ਇਹ ਜਾਣਕਾਰੀ ਸੁਪਰੀਮ ਕੋਰਟ ਦੀ ਵੈੱਬਸਾਈਟ ‘ਤੇ ਜਾਰੀ ਕੀਤੀ ਗਈ ਹੈ। ਚੀਫ਼ ਜਸਟਿਸ ਤੋਂ ਇਲਾਵਾ ਜਸਟਿਸ ਐੱਨਵੀ ਰਮਨ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰਐੱਫ ਨਰੀਮਨ, ਜਸਟਿਸ ਯੂਯੂ ਲਲਿਤ ਕੌਲਜੀਅਮ ਦਾ ਹਿੱਸਾ ਹਨ।