ਚੰਡੀਗੜ੍ਹ (ਟਨਸ): ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਉਨ੍ਹਾਂ ਦੇ ਨੇੜਲੇ ਅਧਿਕਾਰੀਆਂ ਨੇ ਵੀ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ| ਕੈਪਟਨ ਦੇ ਚੀਫ ਪ੍ਰਮੁੱਖ ਸਕੱਤਰ ਰਹੇ ਸੁਰੇਸ਼ ਕੁਮਾਰ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ| ਸੁਰੇਸ਼ ਕੁਮਾਰ ਖਾਸ ਤੌਰ ’ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਸ਼ਾਨੇ ’ਤੇ ਰਹੇ ਹਨ| ਨਵਜੋਤ ਸਿੱਧੂ ਵੀ ਸੁਰੇਸ਼ ਕੁਮਾਰ ਖਿਲਾਫ਼ ਬੋਲਦੇ ਰਹੇ ਹਨ| ਮਾਝੇ ਦੇ ਵਜ਼ੀਰਾਂ ਨੇ ਬਿਜਲੀ ਸਮਝੌਤਿਆਂ ਦੇ ਮਾਮਲੇ ’ਤੇ ਸੁਰੇਸ਼ ਕੁਮਾਰ ’ਤੇ ਕਾਫੀ ਰਗੜੇ ਲਾਏ ਹਨ| ਉਹ ਬਿਜਲੀ ਸਮਝੌਤਿਆਂ ਦੇ ਵਾਈਟ ਪੇਪਰ ਵਿਚ ਅੜਿੱਕਾ ਸੁਰੇਸ਼ ਕੁਮਾਰ ਨੂੰ ਸਮਝਦੇ ਰਹੇ ਹਨ| ਉਧਰ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ| ਨਵਜੋਤ ਸਿੱਧੂ ਤੋਂ ਇਲਾਵਾ ਕਈ ਵਜ਼ੀਰਾਂ ਵੱਲੋਂ ਅਤੁਲ ਨੰਦਾ ਦੀ ਘੇਰਾਬੰਦੀ ਕੀਤੀ ਜਾਂਦੀ ਰਹੀ ਹੈ| ਇਸੇ ਤਰ੍ਹਾਂ ਕੈਪਟਨ ਦੇ ਸਲਾਹਕਾਰ ਸੰਦੀਪ ਸੰਧੂ ਤੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ|