ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਦਸੰਬਰ
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਤੇ ਚੋਣ ਕਮਿਸ਼ਨਰਾਂ ਰਾਜੀਵ ਕੁਮਾਰ ਅਤੇ ਅਨੂਪ ਚੰਦਰ ਪਾਂਡੇ ਨੇ ਅੱਜ ਇੱਥੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲਿਆਂ, ਦਿਵਿਆਂਗ (ਪੀਡਬਲਯੂਡੀ) ਵੋਟਰਾਂ ਅਤੇ ਟਰਾਂਸਜੈਂਡਰ ਸਮੇਤ ਵੱਖ-ਵੱਖ ਵਰਗਾਂ ਦੇ ਵੋਟਰਾਂ ਨਾਲ ਗੱਲਬਾਤ ਕੀਤੀ। ਸਟੇਟ ਪੀਡਬਲਯੂਡੀ ਆਈਕਨ ਡਾ. ਕਿਰਨ (ਜੋ ਨੇਤਰਹੀਣ ਹਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ) ਅਤੇ ਤਿੰਨ ਜ਼ਿਲ੍ਹਾ ਪੀਡਬਲਯੂਡੀ ਆਈਕਨਾਂ ਜਗਦੀਪ ਸਿੰਘ (ਪਟਿਆਲਾ ਐਸੋਸੀਏਸ਼ਨ ਆਫ ਡੈੱਫ ਦੇ ਪ੍ਰਧਾਨ ਅਤੇ ਸੀਨੀਅਰ ਸਹਾਇਕ ਪੀਡਬਲਯੂਡੀ (ਬੀਐਂਡਆਰ) ਵਜੋਂ ਸੇਵਾ ਕਰ ਰਹੇ), ਇੰਦਰਜੀਤ ਨੰਦਨ ਤੇ ਜਗਵਿੰਦਰ ਸਿੰਘ (ਸਾਈਕਲ ਸਵਾਰ ਅਤੇ ਭੂਮੀ ਸੰਭਾਲ ਵਿਭਾਗ ਦੇ ਕਰਮਚਾਰੀ) ਅਤੇ ਦੋ ਟਰਾਂਸਜੈਂਡਰ ਵੋਟਰਾਂ ਮੋਹਿਨੀ ਮਹੰਤ ਅਤੇ ਆਇਨਾ ਮਹੰਤ ਨੂੰ ਕਮਿਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਮੁੱਖ ਚੋਣ ਕਮਿਸ਼ਨਰ ਅਤੇ ਦੋਵੇਂ ਕਮਿਸ਼ਨਰਾਂ ਨੇ ਵੋਟਰ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਵੋਟਰ ਜਾਗਰੂਕਤਾ ਵੈਨ ਨੂੰ ਸੂਬੇ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਐੱਲਈਡੀ ਅਤੇ ਆਡੀਓ ਸਿਸਟਮ ਨਾਲ ਲੈਸ ਕੁੱਲ 30 ਮੋਬਾਈਲ ਵੈਨਾਂ ਵੋਟਰ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ, ਨੈਤਿਕ ਵੋਟਿੰਗ ਅਤੇ ਈਵੀਐੱਮਜ਼-ਵੀਵੀਪੈਟ ਸਮੇਤ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸੂਬੇ ਭਰ ਵਿੱਚ ਚੱਲਣਗੀਆਂ। ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਕਮਿਸ਼ਨ ਦੀ ਟੀਮ ਨੇ ਸੂਬੇ ਵਿੱਚ ਵੱਖ-ਵੱਖ ਆਡੀਓ-ਵਿਜ਼ੁਅਲ ਅਤੇ ਚੱਲ ਰਹੀਆਂ ਫੀਲਡ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਚੋਣ ਕਮਿਸ਼ਨ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਨੌਜਵਾਨਾਂ ਨਾਲ ਜੁੜਨ ਅਤੇ ਹਰੇਕ ਵੋਟ ਦੇ ਮੁੱਲ ਬਾਰੇ ਨਵੇਂ ਸਿਰਜਣਾਤਮਕ ਵਿਚਾਰ ਪ੍ਰਾਪਤ ਕਰਨ ਲਈ ਇੱਕ ਆਨਲਾਈਨ ਪੋਸਟਰ ਡਿਜ਼ਾਈਨ ਮੁਕਾਬਲਾ ਵੀ ਸ਼ੁਰੂ ਕੀਤਾ। ਚੋਟੀ ਦੇ ਤਿੰਨ ਪੋਸਟਰਾਂ ਨੂੰ ਕ੍ਰਮਵਾਰ 10,000, 7500 ਅਤੇ 5000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ 2-2 ਹਜ਼ਾਰ ਰੁਪਏ ਦੇ ਦਸ ਕੰਸੋਲੇਸ਼ਨ ਇਨਾਮ ਦਿੱਤੇ ਜਾਣਗੇ। ਇਹ ਮੁਕਾਬਲਾ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਰਵਾਇਆ ਜਾਵੇਗਾ। ਕਮਿਸ਼ਨ ਨੇ ਇੱਕ ਕੇਏਪੀ ਸਰਵੇਖਣ ਰਿਪੋਰਟ, ਸਵੀਪ ਯੋਜਨਾ, ਈਪੀਆਈਸੀ ਕਿੱਟ, ਈਵੀਐੱਮਜ਼-ਵੀਵੀਪੈਟ ਪੋਸਟਰ ਅਤੇ ਵੋਟਰ ਗਾਈਡ ਜਾਰੀ ਕੀਤੀ।
ਸਵੀਪ ਯੋਜਨਾ ਕੇਏਪੀ ਸਰਵੇਖਣ ਦੇ ਨਤੀਜਿਆਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਸੀ, ਜਿਸ ਵਿੱਚ ਪੰਜਾਬ ਭਰ ਵਿੱਚ ਲਗਭਗ 2400 ਉੱਤਰਦਾਤਾ ਸ਼ਾਮਲ ਹਨ ਅਤੇ ਵੋਟਿੰਗ ਦੇ ਸਬੰਧ ਵਿੱਚ ਵੋਟਰਾਂ ਦੇ ਗਿਆਨ ਅਤੇ ਅਭਿਆਸਾਂ ਦੇ ਵਿਸ਼ਲੇਸ਼ਣ ਰਾਹੀਂ ਇਸ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਇਆ ਗਿਆ ਸੀ। ਇਹ ਪਹਿਲੀ ਵਾਰ ਹੈ ਕਿ ਨਵੇਂ ਰਜਿਸਟਰਡ ਵੋਟਰਾਂ ਦੇ ਅਨੁਭਵ ਨੂੰ ਯਾਦਗਾਰੀ ਬਣਾਉਣ ਲਈ ਕਮਿਸ਼ਨ ਵੱਲੋਂ ਇੱਕ ਕਿੱਟ ਦਿੱਤੀ ਜਾ ਰਹੀ ਹੈ ਜਿਸ ਵਿੱਚ ਈਪੀਆਈਸੀ ਕਾਰਡ, ਵੋਟਰ ਵਚਨਬੱਧਤਾ, ਵੋਟਰ ਗਾਈਡ ਅਤੇ ਡੀਈਓ ਤੋਂ ਇੱਕ ਵਿਅਕਤੀਗਤ ਪੱਤਰ ਸ਼ਾਮਲ ਹਨ। ਵੋਟਰ ਗਾਈਡ ਇੱਕ ਪਾਕੇਟ ਬੁੱਕਲੈਟ ਹੈ, ਜੋ ਹਰ ਘਰ ਵਿੱਚ ਵੰਡਿਆ ਜਾਣਾ ਹੈ।