ਸ਼ਸ਼ੀ ਪਾਲ ਜੈਨ
ਖਰੜ, 26 ਮਈ
ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਇੱਕ ਪਾਸੇ ਜਿਥੇ ਸ਼ਹਿਰ ਅੰਦਰ ਥਾਂ-ਥਾਂ ਤੇ ਗੰਦਗੀ ਦੇ ਢੇਰ ਲੱਗ ਗਏ ਹਨ ਅਤੇ ਇਨ੍ਹਾਂ ਢੇਰਾਂ ਵਿੱਚੋਂ ਬਹੁਤ ਭੈੜੀ ਬਦਬੂ ਫੈਲ ਰਹੀ ਹੈ। ਇੰਜ ਲਗਦਾ ਹੈ ਕਿ ਜਿਵੇਂ-ਜਿਵੇਂ ਗਰਮੀ ਵੱਧ ਰਹੀ ਹੈ ਉਵੇਂ ਇਹ ਹਾਲਤ ਹੋਰ ਵੀ ਭੈੜੀ ਹੋ ਜਾਵੇਗੀ ਅਤੇ ਬੰਦਬੂ, ਮੱਖੀ ਅਤੇ ਮੱਛਰ ਹੋ ਵੀ ਵਧਣਗੇ। ਲੋਕਾਂ ਵਿੱਚ ਇਸ ਗੱਲ ਦਾ ਵੀ ਖਦਸ਼ਾ ਹੈ ਕਿ ਕਿਤੇ ਕਰੋਨਾ ਤੋਂ ਵੀ ਜ਼ਿਆਦਾ ਭੈੜੀ ਕੋਈ ਬੀਮਾਰੀ ਹੀ ਨਾ ਫੈਲ ਜਾਵੇ।
ਮੋਰਿੰਡਾ (ਸੰਜੀਵ ਤੇਜਪਾਲ): ਨਗਰ ਕੌਂਸਲ ਐਂਪਲਾਈਜ਼ ਯੂਨੀਅਨ ਅਤੇ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗ ਗਏ ਹਨ ਜਿਸ ਕਾਰਨ ਸ਼ਹਿਰ ਵਿਚ ਕੋਈ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ। ਸਫਾਈ ਪ੍ਰਬੰਧਾਂ ਨੂੰ ਲੈ ਕੇ ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਸੁਖਦੀਪ ਸਿੰਘ ਭੰਗੂ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਬਿੱਟੂ ਕੰਗ, ਲਖਵਿੰਦਰ ਕੁਮਾਰ, ਵਰਿੰਦਰ ਸਿੰਘ ਹੈਪੀ, ਪਰਵਿੰਦਰ ਸਿੰਘ ਸ਼ੈਂਟੀ ਆਦਿ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਦੀਆਂ ਸਹੂਲਤਾਂ ਨੂੰ ਵੇਖਦਿਆਂ ਨਗਰ ਕੌਂਸਲ ਨੂੰ ਜਦੋਂ ਤੱਕ ਹੜਤਾਲ ਚੱਲ ਰਹੀ ਹੈ ਉੱਦੋਂ ਤੱਕ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਧਰ ਕਾਰਜਸਾਧਕ ਅਫਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਪੰਜਾਬ ਭਰ ਵਿੱਚ ਸਫਾਈ ਸੇਵਕਾਂ ਦੀ ਹੜਤਾਲ ਹੋਣ ਕਾਰਨ ਸਮੱਸਿਆ ਤਾਂ ਹੈ ਪ੍ਰੰਤੂ ਉਹ ਕੱਲ੍ਹ ਨੂੰ ਹੀ ਸ਼ਹਿਰ ਵਿੱਚ ਥਾਂ-ਥਾਂ ਤੇ ਲੱਗੇ ਗੰਦਗੀ ਦੇ ਢੇਰ ਚੁਕਵਾਉਣ ਦੇ ਉਪਰਾਲੇ ਕਰਨਗੇ।
ਸਫ਼ਾਈ ਸੇਵਕਾਂ ਵੱਲੋਂ ਹੜਤਾਲ ਫ਼ੇਲ੍ਹ ਕਰਨ ਵਾਲਿਆਂ ਨੂੰ ਚਿਤਾਵਨੀ
ਖਰੜ (ਸ਼ਸ਼ੀ ਪਾਲ ਜੈਨ): ਇੱਥੇ ਨਗਰ ਕੌਸਲ ਦੇ ਕਰਮਚਾਰੀਆਂ ਵੱਲੋਂ ਪੰਜਾਬ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ 13 ਮਈ ਤੋਂ ਸ਼ੁਰੂ ਕੀਤੀ ਆਪਣੀ ਹੜਤਾਲ ਲਗਾਤਾਰ ਜਾਰੀ ਹੈ। ਅੱਜ ਇਸ ਸਬੰਧੀ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਪ੍ਰਧਾਨ ਸਰਦਾਰੀ ਲਾਲ ਸ਼ਰਮਾ, ਜਨਰਲ ਸਕੱਤਰ ਕੁਲਵੰਤ ਸਿੰਘ ਸੈਣੀ ਅਤੇ ਡਿਪਟੀ ਜਨਰਲ ਸਕੱਤਰ ਮਹੇਸ਼ ਚੰਦਰ ਨੇ ਕਿਹਾ ਕਿ ਉਨ੍ਹਾਂ ਦੇ ਨੋਟਿਸ ਵਿੱਚ ਆਇਆ ਹੈ ਕਿ ਖਰੜ ਅੰਦਰ ਕੁਝ ਵਿਅਕਤੀਆਂ ਵੱਲੋਂ ਆਪਣੇ ਪੱਧਰ ’ਤੇ ਕੂੜਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨਾਲ ਇਨ੍ਹਾਂ ਵਿਅਕਤੀਆਂ ਵੱਲੋਂ ਮਿਊਂਸਪਲ ਕਾਮਿਆਂ ਦੀ ਹੜਤਾਲ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਹੜਤਾਲ ਚੱਲ ਰਹੀ ਹੈ ਉਦੋਂ ਤੱਕ ਕਿਸੇ ਵਿਕਅਤੀ ਵੱਲੋਂ ਆਪਣੇ ਪੱਧਰ ਤੇ ਸਫ਼ਾਈ ਕਰਵਾ ਕੇ ਜਾਂ ਕੂੜਾ ਚੁਕਵਾਕੇ ਹੜਤਾਲ ਵਿੱਚ ਰੁਕਾਵਟ ਨਾ ਪਾਈ ਜਾਵੇ। ਉਨ੍ਹਾਂ ਧਮਕੀ ਦਿੱਤੀ ਹੈ ਕਿ ਜੋ ਲੋਕ ਇਸ ਹੜਤਾਲ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕਰਨਗੇ ਉਨ੍ਹਾਂ ਦੇ ਘਰ ਅੱਗੇ ਵੀ ਕੂੜਾ ਸੁੱਟਿਆ ਜਾਵੇਗਾ। ਇਸ ਮੌੇਕ ਹਰਪ੍ਰੀਤ ਸਿੰਘ ਖੱਟੜਾ, ਜੀਐਮ ਸਿੰਘ, ਜਸਵੀਰ ਕੌਰ, ਸੰਜੇ ਕੁਮਾਰ ਹਾਜ਼ਰ ਸਨ।