ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਹੋਈ ਹਿੰਸਾ ਦੌਰਾਨ ਤਲਵਾਰਾਂ ਲਹਿਰਾ ਕੇ ਪ੍ਰਦਰਸ਼ਨਕਾਰੀਆਂ ਨੂੰ ਕਥਿਤ ‘ਹੱਲਾਸ਼ੇਰੀ’ ਦਿੰਦੇ ਨਜ਼ਰ ਆਏ ਨੌਜਵਾਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਨੌਜਵਾਨ ਦੀ ਪਛਾਣ ਮਨਿੰਦਰ ਸਿੰਘ (30) ਵਜੋਂ ਦੱਸੀ ਗਈ ਹੈ ਤੇ ਉਹ ਉੱਤਰ-ਪੱਛਮੀ ਦਿੱਲੀ ’ਚ ਸਵਰੂਪ ਨਗਰ ਵਿਚਲੇ ਆਪਣੇ ਘਰ ਨੇੜੇ ਹੀ ਤਲਵਾਰਬਾਜ਼ੀ ਦੀ ਸਿਖਲਾਈ ਲਈ ਸਕੂਲ ਚਲਾਉਂਦਾ ਹੈ। ਪੇਸ਼ੇ ਵਜੋਂ ਕਾਰ ਏਸੀ ਮਕੈਨਿਕ ਮਨਿੰਦਰ ਨੂੰ ਲੰਘੇ ਦਿਨ ਪੌਣੇ ਅੱਠ ਵਜੇ ਦੇ ਕਰੀਬ ਪੀਤਮਪੁਰਾ ਨੇੜਿਓਂ ਸੀ ਡੀ ਬਲਾਕ ਬੱਸ ਸਟੌਪ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀਸੀਪੀ ਸਪੈਸ਼ਲ ਸੈੱਲ ਪ੍ਰਮੋਦ ਸਿੰਘ ਕੁਸ਼ਵਾਹ ਨੇ ਇਕ ਬਿਆਨ ਵਿੱਚ ਕਿਹਾ, ‘ਸਿੰਘ ਨੂੰ ਲਾਲ ਕਿਲੇ ’ਤੇ ਦੋ ਤਲਵਾਰਾਂ ਲਹਿਰਾਉਂਦੇ ਹੋਏ ਹਿੰਸਾ ’ਤੇ ਉਤਾਰੂ ਦੇਸ਼ ਵਿਰੋਧੀ ਅਨਸਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਵੇਖਿਆ ਗਿਆ ਸੀ।’ ਅਧਿਕਾਰੀ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ’ਚ ਹੋਈ ਹਿੰਸਾ ਲਈ ਹੁਣ ਤੱਕ 120 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲੀਸ ਮੁਤਾਬਕ ਮਨਿੰਦਰ ਸਿੰਘ ਨੇ ਆਪਣੇ ਗੁਆਂਢ ’ਚ ਰਹਿੰਦੇ ਛੇ ਲੋਕਾਂ ਨੂੰ ਸਿੰਘੂ ਬਾਰਡਰ ਤੋਂ ਮੁਕਰਬਾ ਚੌਕ ਲਈ ਨਿਕਲੀ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ। ਪੁਲੀਸ ਨੇ ਨੌਜਵਾਨ ਦੇ ਘਰੋਂ 4.3 ਫੁੱਟ ਲੰਮੇ ‘ਖੰਡੇ’ ਬਰਾਮਦ ਕਰ ਲਏ ਹਨ, ਜੋ ਉਸ ਨੇ 26 ਜਨਵਰੀ ਨੂੰ ਵਰਤੇ ਸਨ। ਕੁਸ਼ਵਾਹਾ ਨੇ ਕਿਹਾ ਕਿ ਯੋਜਨਾ ਮੁਤਾਬਕ ਸਿੰਘ, ਉਸ ਦੇ ਪੰਜ ਸਾਥੀ ਤੇ ਇਕ ਅਣਪਛਾਤਾ ਹਥਿਆਰਬੰਦ ਵਿਅਕਤੀ ਲਾਲ ਕਿਲੇ ’ਚ ਦਾਖ਼ਲ ਹੋਏ, ਜਿੱਥੇ ਮਨਿੰਦਰ ਨੇ ਤਲਵਾਰਾਂ ਲਹਿਰਾਈਆਂ। ਪੁਲੀਸ ਨੇ ਤਲਵਾਰਾਂ ਲਹਿਰਾਉਂਦਿਆਂ ਦੀ ਵੀਡੀਓ ਉਸ ਦੇ ਫੋਨ ’ਚੋਂ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ। -ਪੀਟੀਆਈ