ਮਿਹਰ ਸਿੰਘ
ਕੁਰਾਲੀ, 4 ਮਾਰਚ
ਇੱਥੋਂ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਦੀ ਮੰਗ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਚੌਥੇ ਦਿਨ ਵਿੱਚ ਸ਼ਾਮਿਲ ਹੋ ਗਈ। ਸਿਹਤ ਵਿਭਾਗ ਦੇ ਡਾਇਰੈਕਟਰ ਨੇ ਭੁੱਖ ਹੜਤਾਲ ਕੈਂਪ ਵਿੱਚ ਪੁੱਜ ਕੇ ਮੁਜ਼ਾਹਰਾਕਾਰੀਆਂ ਨੂੰ ਸੰਘਰਸ਼ ਖ਼ਤਮ ਕਰਨ ਦੀ ਅਪੀਲ ਕੀਤੀ ਪਰ ਦੋਵੇਂ ਧਿਰਾਂ ਦੀ ਗੱਲਬਾਤ ਬੇਸਿੱਟਾ ਰਹੀ। ਮੁਜ਼ਾਹਰਾਕਾਰੀਆਂ ਨੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਰਣਜੀਤ ਸਿੰਘ ਕਾਕਾ ਮਾਰਸ਼ਲ ਦੀ ਅਗਵਾਈ ਵਿੱਚ ਚੱਲ ਰਹੀ ਭੁੱਖ ਹੜਤਾਲ ਦੌਰਾਨ ਅੱਜ ਬਲਜੀਤ ਸਿੰਘ ਖੈਰਪੁਰ, ਅਮਨਦੀਪ ਸਿੰਘ ਆਜ਼ਾਦ ਤੇ ਅਮਨਦੀਪ ਸਿੰਘ ਗੋਲਡੀ ਭੁੱਖ ਹੜਤਾਲ ’ਤੇ ਬੈਠੇ। ਇਸੇ ਦੌਰਾਨ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਚਾਵਲਾ ਧਰਨੇ ਵਿੱਚ ਪੁੱਜੇ ਅਤੇ ਸੰਘਰਸ਼ ਕਰ ਰਹੇ ਧਰਨਕਾਰੀਆਂ ਨਾਲ ਗੱਲਬਾਤ ਕੀਤੀ। ਕਮਲਜੀਤ ਚਾਵਲਾ ਨੇ ਮੰਗਾਂ ਸਬੰਧੀ ਲਿਖਤੀ ਤੌਰ ’ਤੇ ਦੇਣ ਅਤੇ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸੇ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਗੁਰਿੰਦਰਵੀਰ ਸਿੰਘ ਭੁੱਖ ਹੜਤਾਲੀ ਕੈਂਪ ਵਿੱਚ ਪੁੱਜੇ। ਉਨ੍ਹਾਂ ਸੰਘਰਸ਼ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਰਣਜੀਤ ਸਿੰਘ ਕਾਕਾ ਮਾਰਸ਼ਲ ਨੇ ਹਸਪਤਾਲ ਵਿੱਚ ਸਹੂਲਤਾਂ ਤੇ ਡਾਕਟਰਾਂ ਦੀ ਘਾਟ ਸਬੰਧੀ ਡਾਇਰੈਕਟਰ ਨੂੰ ਜਾਣੂ ਕਰਵਾਇਆ। ਉਨ੍ਹਾਂ ਨੌਜਵਾਨ ਕਾਕਾ ਮਾਰਸ਼ਲ ਨੂੰ ਭਰੋਸਾ ਦਿੱਤਾ ਕਿ ਸੀਐੱਚਸੀ ਵਿੱਚ ਆਰਜ਼ੀ ਤੌਰ ’ਤੇ ਡਾਕਟਰਾਂ ਨੂੰ ਨਿਯੁਕਤ ਕਰਨ ਅਤੇ ਦਿਨ ਮੁਕੱਰਰ ਕਰਕੇ ਹਾਜ਼ਰੀ ਯਕੀਨੀ ਬਣਾਈ ਜਾਏਗੀ। ਡਾਇਰੈਕਟਰ ਨੇ ਅਲਟਰਾ ਸਾਊਂਡ ਦੀ ਸਹੂਲਤ ਲਈ ਪ੍ਰਬੰਧ ਕਰਨ ਅਤੇ ਰੇਡੀਓਲੌਜਿਸਟ ਦੀ ਨਿਯੁਕਤੀ ਸਬੰਧੀ ਬੇਵੱਸੀ ਜ਼ਾਹਰ ਕੀਤੀ।
ਇਸੇ ਦੌਰਾਨ ਰਣਜੀਤ ਸਿੰਘ ਕਾਕਾ ਮਾਰਸ਼ਲ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਜ਼ਮੀਨ ਸ਼ਹਿਰ ਵਾਸੀਆਂ ਨੇ ਹਸਪਤਾਲ ਲਈ ਸਰਕਾਰ ਨੂੰ ਦਿੱਤੀ ਹੋਈ ਹੈ ਪਰ ਫਿਰ ਵੀ ਹਸਪਤਾਲ ਵਿੱਚ ਸਹੂਲਤਾਂ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਕਾਕਾ ਮਾਰਸ਼ਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ਖਾਲੀ ਕਰਕੇ ਸ਼ਹਿਰ ਵਾਸੀਆਂ ਸੌਂਪਿਆ ਜਾਵੇ। ਉਨ੍ਹਾਂ ਸਰਕਾਰ ਤੋਂ ਦੋ ਸਾਲਾਂ ਦੇ ਟਰਾਇਲ ਤੇ ਹਸਪਤਾਲ ਲੋਕਾਂ ਨੂੰ ਸੌਂਪਣ ਦੀ ਮੰਗ ਕੀਤੀ। ਰਣਜੀਤ ਸਿੰਘ ਨੇ ਅੱਗੇ ਕਿਹਾ ਕਿ ਇਸ ਸੰਘਰਸ਼ ਨੂੰ ਨਵਾਂ ਰੂਪ ਦੇਣ ਲਈ 4 ਦਿਨਾਂ ਬਾਅਦ ਮੁੜ ਤੋਂ ਮੀਟਿੰਗ ਕਰਕੇ ਵਿਚਾਰ ਕੀਤਾ ਜਾਵੇਗਾ।