ਰਵੇਲ ਸਿੰਘ ਭਿੰਡਰ
ਪਟਿਆਲਾ, 10 ਜੂਨ
ਝੋਨੇ ਦੀ ਲਵਾਈ ਦੇ ਪਹਿਲੇ ਦਿਨ ਬਿਜਲੀ ਲੋਡ ਨੇ ਵੱਡੀ ਛਲਾਂਗ ਮਾਰੀ ਹੈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਵੀ ਚਲਾ ਦਿੱਤਾ ਗਿਆ ਹੈ। ਉਧਰ ਰਾਜਪੁਰਾ ਥਰਮਲ ਪਲਾਂਟ ਨੂੰ ਵੀ ਅੱਜ ਪੂਰੇ ਲੋਡ ’ਤੇ ਕਰਨਾ ਪਿਆ।
ਪੈਡੀ ਸੀਜ਼ਨ-2020 ਦੇ ਪਹਿਲੇ ਦਿਨ ਬਿਜਲੀ ਦੀ ਮੰਗ ਦਾ ਅੰਕੜਾ 9100 ਮੈਗਾਵਾਟ ਨੂੰ ਛੂਹ ਗਿਆ। ਪਹਿਲੇ ਦਿਨ ਹੀ ਬਿਜਲੀ ਦੀ ਮੰਗ ਨੇ 1200 ਮੈਗਾਵਾਟ ਤੋਂ ਵੱਧ ਉਛਾਲਾ ਮਾਰ ਦਿੱਤਾ। ਬਿਜਲੀ ਦੀ ਮੰਗ ਦੇਖਦਿਆਂ ਅੱਜ ਪਾਵਰਕੌਮ ਮੈਨੇਜਮੈਂਟ ਨੇ ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਪਹਿਲੀ ਯੂਨਿਟ ਨੂੰ ਚਲਾਉਣ ਦੀ ਹਰੀ ਝੰੰਡੀ ਦੇ ਦਿੱਤੀ ਹੈ। ਦੁਪਹਿਰ ਤੱਕ ਇਹ ਪਲਾਂਟ ਭਖ ਗਿਆ ਤੇ 600 ਮੈਗਾਵਾਟ ਤੋਂ ਵੱਧ ਬਿਜਲੀ ਦੀ ਪੈਦਾਵਾਰ ਕੀਤੀ। ਇਸ ਪਲਾਂਟ ਦੀਆਂ ਦੋ ਯੂਨਿਟਾਂ ਨੂੰ ਬਿਜਲੀ ਦੀ ਮੰਗ ਦੇ ਹਿਸਾਬ ਨਾਲ ਅਗਲੇ ਕੁਝ ਸਮੇਂ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ।
ਉਧਰ ਰਾਜਪੁਰਾ ਥਰਮਲ ਪਲਾਂਟ ਦੀਆਂ ਦੋਹਾਂ ਯੂਨਿਟਾਂ ਨੂੰ ਪੂਰੀ ਸਮੱਰਥਾ ’ਤੇ ਕਰ ਦਿੱਤਾ ਗਿਆ ਹੈ। ਇਸ ਪਲਾਂਟ ਦੀਆਂ ਦੋਵੇਂ ਯੂਨਿਟਾਂ ਨੇ 1300 ਮੈਗਾਵਾਟ ਦੀ ਦਰ ਤੋਂ ਵੱਧ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਬਿਜਲੀ ਪ੍ਰਬੰਧਾਂ ਵਜੋਂ ਜਿਥੇ ਸੈਂਟਰਲ ਪੂਲ ਤੋਂ ਬਿਜਲੀ ਖਰੀਦੀ ਜਾਣ ਲੱਗੀ ਹੈ, ਉਥੇ ਹੀ ਐਕਸਚੇਂਜ ਮੁੰਬਈ ਤੋਂ ਵੀ ਬੋਲੀ ਲਗਾ ਕੇ ਬਿਜਲੀ ਦੀ ਖਰੀਦ ਦੇ ਸਿਲਸਿਲੇ ਨੂੰ ਜਾਰੀ ਰੱਖਿਆ ਹੋੋਇਆ ਹੈ। 750 ਮੈਗਾਵਾਟ ਦਾ ਬਿਜਲੀ ਉਤਪਾਦਨ ਪਾਵਰਕੌਮ ਦੇ ਆਪਣੇ ਹਾਈਡਰੋ ਪਾਵਰਾਂ ਤੋਂ ਹੋ ਰਿਹਾ ਹੈ, ਜਦੋਂ ਕਿ ਮੁੜ ਨਵਿਓਣਯੋਗ ਸਾਧਨਾਂ ਤੋਂ ਵੀ 300 ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕੀਤੀ ਜਾਣ ਲੱਗੀ ਹੈ। ਪਾਵਰਕੌਮ ਨੇ ਹਾਲੇ ਲਹਿਰਾ ਮੁਹੱਬਤ ਤੇ ਰੋਪੜ ਥਰਮਲ ਪਲਾਂਟ ਸ਼ੁਰੂ ਨਹੀਂ ਕੀਤਾ ਪਰ ਲੋੜ ਪੈਣ ’ਤੇ ਗੋਇੰਦਵਾਲ ਸਾਹਿਬ ਦੇ ਥਰਮਲ ਸਣੇ ਦੋਵੇਂ ਥਰਮਲਾਂ ਨੂੰ ਭਖਾਇਆ ਜਾ ਸਕਦਾ ਹੈ।
ਪਾਵਰਕੌਮ ਦੇ ਮੁੱਖ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੈਡੀ ਸੀਜ਼ਨ ਦਾ ਪਹਿਲਾ ਦਿਨ ਸਫਲਤਾਪੂਰਵਕ ਗੁਜ਼ਰਿਆ ਹੈ। ਖੇਤੀ ਸਪਲਾਈ ਸਮੇਤ ਸਾਰੇ ਵਰਗਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਗਈ ਹੈ ਤੇ ਪੰਜਾਬ ਦੇ ਸਾਰੇ ਕੋਨਿਆਂ ’ਚ ਬਿਜਲੀ ਸਪਲਾਈ ਬਿਹਤਰ ਰਹੀ ਹੈ। ਪਾਵਰਕੌਮ ਅਧਿਕਾਰੀ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਵੀ ਬਿਜਲੀ ਦੀ ਸਪਲਾਈ ਇਸੇ ਤਰ੍ਹਾਂ ਨਿਰਵਿਘਨ ਜਾਰੀ ਰਹੇਗੀ।