ਕਰਨ ਭੀਖੀ
ਭੀਖੀ, 7 ਸਤੰਬਰ
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਨੀਟ 2024 ਪ੍ਰੀਖਿਆ ਦੇ ਐਲਾਨੇ ਨਤੀਜਿਆਂ ਤੋਂ ਬਾਅਦ ਸ਼ੁਰੂ ਹੋਈ ਕਾਉਂਸਲਿੰਗ ਵਿੱਚ ਕਸਬਾ ਭੀਖੀ ਦੇ ਕਿਰਤੀ ਪਰਿਵਾਰ ਦੀ ਵਿਦਿਆਰਥਣ ਤਮੰਨਾ ਬੱਤਰਾ ਸਪੁੱਤਰੀ ਸਤਪਾਲ ਬੱਤਰਾ ਨੇ ਆਪਣੀ ਮਿਹਨਤ ਸਕਦਾ ਐੱਮਬੀਬੀਐੱਸ ਵਿਚ ਦਾਖਲਾ ਪ੍ਰਾਪਤ ਕਰ ਲਿਆ ਹੈ। ਤਮੰਨਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 720 ਵਿੱਚੋਂ 617 ਅੰਕ ਹਾਸਿਲ ਕੀਤੇ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਐੱਮਬੀਬੀਐੱਸ ਦੀ ਸੀਟ ਹਾਸਿਲ ਕਰਕੇ ਮਾਤਾ-ਪਿਤਾ, ਅਧਿਆਪਕਾਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਉਸਦਾ ਸਮੁੱਚੇ ਭਾਰਤ ਵਿੱਚੋਂ ਦਰਜਾ 58256 ਹੈ। ਤਮੰਨਾ ਦੇ ਪਿਤਾ ਸਤਪਾਲ ਮੋਟਰ ਸਾਈਕਲ ਮਕੈਨਿਕ ਹਨ ਅਤੇ ਮਾਤਾ ਮਮਤਾ ਰਾਣੀ ਇੱਕ ਘਰੇਲੂ ਸੁਆਣੀ ਹੈ। ਅਗਾਂਹਵਧੂ ਪਰਿਵਾਰ ਦੇ ਮੋਹਰੀ ਉਸਦੇ ਤਾਇਆ ਮੱਖਣ ਲਾਲ ਜੇਈ, ਪ੍ਰੇਮ ਨਾਥ ਅਧਿਆਪਕ ਅਤੇ ਤਾਰਾ ਚੰਦ ਨੇ ਦੱਸਿਆ ਕਿ ਤਮੰਨਾ ਨੇ ਬੇਹੱਦ ਮਿਹਨਤ ਕਰ ਕੇ ਸਾਡਾ ਮਾਣ ਵਧਾਇਆ ਹੈ।
ਇਸ ਪ੍ਰਾਪਤੀ ’ਤੇ ਨਵਯੁੱਗ ਸਾਹਿਤ ਕਲਾ ਮੰਚ ਭੀਖੀ, ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਭੀਖੀ, ਡੀਟੀਐਫ ਮਾਨਸਾ ਦੇ ਆਗੂ ਭੁਪਿੰਦਰ ਫੌਜੀ, ਅਮਰੀਕ ਭੀਖੀ, ਅਮੋਲਕ ਡੇਲੂਆਣਾ, ਗੁਰਲਾਲ ਗੁਰਨੇ, ਗੁਰਿੰਦਰ ਔਲਖ, ਗੁਰਨਾਮ ਭੀਖੀ ਕਿਸਾਨ ਆਗੂ, ਸਤਪਾਲ ਭੀਖੀ, ਰਜਿੰਦਰ ਜਾਫਰੀ, ਬਲਦੇਵ ਸਿੱਧੂ, ਦਰਸ਼ਨ ਟੇਲਰ, ਐਸਡੀਓ ਰਜਿੰਦਰ ਰੋਹੀ, ਮਾਸਟਰ ਮੱਖਣ ਸਿੰਘ, ਵਿਨੋਦ ਕੁਮਾਰ ਸਿੰਗਲਾ, ਧਰਮਪਾਲ ਨੀਟਾ, ਦਰਸ਼ਨ ਟੇਲਰ ਆਦਿ ਖੁਸ਼ੀ ਪ੍ਰਗਟਾਵਾ ਕੀਤਾ।