ਪੱਟੀ/ਤਰਨ ਤਾਰਨ (ਬੇਅੰਤ ਸਿੰਘ ਸੰਧੂ/ਗੁਰਬਖਸ਼ਪੁਰੀ): ਪੱਟੀ ਨੇੜਲੇ ਪਿੰਡ ਠੱਕਰਪੁਰਾ ਸਥਿਤ ਗਿਰਜਾਘਰ ਅੰਦਰ ਮੰਗਲਵਾਰ ਰਾਤ ਚਾਰ ਅਣਪਛਾਤਿਆਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਗਿਰਜਾਘਰ ਵਿੱਚ ਲੱਗੀਆਂ ਧਾਰਮਿਕ ਮੂਰਤੀਆਂ ਦੀ ਭੰਨਤੋੜ ਕੀਤੀ ਅਤੇ ਪ੍ਰਬੰਧਕ ਦੀ ਕਾਰ ਨੂੰ ਅੱਗ ਲਗਾ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਪੱਟੀ ਸਤਨਾਮ ਸਿੰਘ ਸੰਧੂ ਤੇ ਐੱਸਐੱਚਓ ਸਦਰ ਪੱਟੀ ਸੁਖਬੀਰ ਸਿੰਘ ਮੌਕੇ ’ਤੇ ਪਹੁੰਚੇ। ਘਟਨਾ ਬਾਰੇ ਪੁਲੀਸ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਲਗਪਗ 12:45 ਵਜੇ ਅਣਪਛਾਤੇ ਵਿਅਕਤੀ ਕੰਧ ਟੱਪ ਕੇ ਗਿਰਜਾਘਰ ’ਚ ਦਾਖ਼ਲ ਹੋਏ ਤੇ ਉਨ੍ਹਾਂ ਵੱਲੋਂ ਗਿਰਜਾਘਰ ਦੇ ਚੌਕੀਦਾਰ ਜਗਤਾਰ ਸਿੰਘ ਨੂੰ ਹਥਿਆਰਾਂ ਨਾਲ ਡਰਾ ਕੇ ਬੰਦੀ ਬਣਾਉਂਦਿਆਂ ਯਸੂ ਮਸੀਹ ਤੇ ਮਰੀਅਮ ਦੀਆਂ ਮੂਰਤੀਆਂ ਨੂੰ ਤੋੜ ਦਿੱਤਾ ਗਿਆ ਅਤੇ ਗਿਰਜਾਘਰ ਪ੍ਰਬੰਧਕ ਦੀ ਕਾਰ ਵੀ ਅੱਗ ਲਾ ਕੇ ਸਾੜ ਦਿੱਤੀ। ਉਨ੍ਹਾਂ ਦੱਸਿਆ ਕਿ ਚਰਚ ਦੇ ਚੌਕੀਦਾਰ ਦੇ ਬਿਆਨਾਂ ਦੇ ਪੁਲੀਸ ਨੇ ਧਾਰਮਿਕ ਬੇਅਦਬੀ ਕਰਨ ਸਣੇ ਵੱਖ-ਵੱਖ ਸੰਗੀਨ ਜੁਰਮਾਂ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਘਟਨਾ ਦਾ ਮੌਕਾ ਦੇਖਣ ਆਏ ਤਰਨ ਤਾਰਨ ਦੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਗਿਰਜਾਘਰ ਪ੍ਰਬੰਧਕਾਂ ਤੇ ਈਸਾਈ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗ ਕੀਤੀ ਪਰ ਐੱਸਐੱਸਪੀ ਤੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਕੋਈ ਵੇਰਵਾ ਨਹੀਂ ਦਿੱਤਾ ਗਿਆ।
ਇਸ ਘਟਨਾ ਦੇ ਵਿਰੋਧ ਵਜੋਂ ਈਸਾਈ ਭਾਈਚਾਰੇ ਵੱਲੋਂ ਖੇਮਕਰਨ-ਪੱਟੀ ਸੜਕ ’ਤੇ ਮੋੜ ਚੂਸਲੇਵੜ੍ਹ ਵਿੱਚ ਧਰਨਾ ਦਿੱਤਾ ਗਿਆ। ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਪੁਲੀਸ ਦੇ ਆਈਜੀ ਪੀ.ਕੇ. ਯਾਦਵ ਨੇ ਮੌਕੇ ’ਤੇ ਪਹੁੰਚ ਕੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾ ਚੁੱਕ ਲਿਆ ਗਿਆ। ਸਥਾਨਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਿਪੋਰਟ ਡੀਜੀਪੀ ਨੂੰ ਭੇਜ ਦਿੱਤੀ ਗਈ ਹੈ।
ਮੁੱਖ ਮੰਤਰੀ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ
ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਪੰਜਾਬ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਠੱਕਰਪੁਰਾ ਵਿੱਚ ਇਕ ਗਿਰਜਾਘਰ ਵਿੱਚ ਮੂਰਤੀਆਂ ਦੀ ਭੰਨਤੋੜ ਤੇ ਕਾਰ ਨੂੰ ਅੱਗ ਲਾਉਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਹਦਾਇਤ ਕੀਤੀ ਕਿ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਡੀਜੀਪੀ ਨੂੰ ਉਕਤ ਘਟਨਾ ਦੀ ਪੂਰੀ ਤਹਿ ਤੱਕ ਜਾਂਚ ਕਰਨ ਦੇ ਹੁਕਮ ਦਿੱਤੇ ਹਨ।